ਐਂਬੂਲੈਂਸਾਂ ਦੀ ਫਲੀਟ ਹੁਣ ਵਾਧਾ ਕੇ 300 ਕੀਤੀ, ਜਲਦ ਹੀ 400 ਦੇ ਅੰਕੜੇ ਨੂੰ ਛੂਹਣ ਦੀ ਯੋਜਨਾ: ਉਪ ਮੁੱਖ ਮੰਤਰੀ
ਚੰਡੀਗੜ੍ਹ : ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਿਧਾਇਕ ਨੱਥੂ ਰਾਮ, ਸੁਰਜੀਤ ਸਿੰਘ ਧੀਮਾਨ, ਨਵਤੇਜ ਚੀਮਾ, ਸੁਖਪਾਲ ਭੁੱਲਰ, ਲਖਬੀਰ ਲੱਖਾ ਅਤੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਆਲੋਕ ਸ਼ੇਖਰ, ਮੈਨੇਜਿੰਗ ਡਾਇਰੈਕਟਰ ਪੀਐਚਐਸਸੀ ਅਮਿਤ ਕੁਮਾਰ ਆਈ.ਏ.ਐਸ ਦੀ ਹਾਜ਼ਰੀ ਵਿੱਚ ਜ਼ਿਗਿਟਜ਼ਾ ਹੈਲਥਕੇਅਰ ਲਿਮਟਿਡ ਲਈ 30 ਨਵੀਆਂ ਈਆਰਐਸ -108-ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਉਪ ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਮਰੀਜ਼ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਹੋਰ ਆਨਲਾਈਨ ਸੇਵਾ ਪ੍ਰਦਾਤਾਵਾਂ ਦੀ ਤਰ੍ਹਾਂ ਆਨਲਾਈਨ ਲਿੰਕ ਰਾਹੀਂ ਇਨ੍ਹਾਂ ਐਂਬੂਲੈਂਸਾਂ ਦੀ ਆਵਾਜਾਈ ਨੂੰ ਆਸਾਨੀ ਨਾਲ ਟਰੈਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਕਾਲ ਕਰਨ ਵਾਲੇ ਨੂੰ ਉਸ ਦੇ ਮੋਬਾਈਲ ਫੋਨ ‘ਤੇ ਆਨਲਾਈਨ ਲਿੰਕ ਸਮੇਤ ਇੱਕ ਐਸਐਮਐਸ ਮਿਲੇਗਾ ਜਿਸ ਨਾਲ ਉਹ ਐਂਬੂਲੈਂਸ ਨੂੰ ਟਰੈਕ ਕਰ ਸਕਣਗੇ।ਸ੍ਰੀ ਓਪੀ ਸੋਨੀ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸਾਂ ਦੇ ਪਹੰੁਚਣ ਦਾ ਔਸਤ ਸਮਾਂ ਪੇਂਡੂ ਖੇਤਰ ਲਈ 30 ਤੋਂ 20 ਮਿੰਟ ਅਤੇ ਸ਼ਹਿਰੀ ਖੇਤਰਾਂ ਵਿੱਚ 20 ਮਿੰਟ ਤੋਂ ਘਟਾ ਕੇ 15 ਕੀਤਾ ਗਿਆ ਹੈ। ਇਹ ਉਪਰਾਲਾ , ਆਮ ਲੋਕਾਂ ਦਾ ਵਿਸਵਾਸ ਮਜਬੂਤ ਕਰਨ ਅਤੇ ਪੰਜਾਬ ਦੇ ਲੋਕਾਂ ਲਈ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ। ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਿਹਤ ਵਿਭਾਗ ਦੀ ਵੈਬਸਾਈਟ ‘ਤੇ ਈਆਰਐਸ -108-ਐਂਬੂਲੈਂਸਾਂ ਦਾ ਡੈਸ਼ਬੋਰਡ ਜਨਤਾ ਲਈ ਉਪਲਬਧ ਹੋਵੇਗਾ।ਸ੍ਰੀ ਸੋਨੀ ਨੇ ਕਿਹਾ ਕਿ 30 ਨਵੇਂ ਵਾਹਨਾਂ ਨੂੰ ਸ਼ਾਮਲ ਕਰਨ ਦੇ ਨਾਲ, ਹੁਣ ਐਂਬੂਲੈਂਸਾਂ ਦੀ ਗਿਣਤੀ 270 ਤੋਂ ਵਧਾ ਕੇ 300 ਹੋ ਗਈ ਹੈ ਜੋ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ 400 ਤੱਕ ਵਧਾਉਣ ਦੀ ਯੋਜਨਾ ਹੈ।
ਉਨਾਂ ਕਿਹਾ ਕਿ ਨਵੇਂ ਈਆਰਐਸ -108-ਐਂਬੂਲੈਂਸ ਫਲੀਟ ਵਿੱਚ 28 ਬੇਸਿਕ ਲਾਈਫ ਸਪੋਰਟ (ਬੀਐਸਐਲ) ਅਤੇ 2 ਨੈਗੇਟਿਵ ਪ੍ਰੈਸਰ ਐਂਬੂਲੈਂਸਾਂ ਸ਼ਾਮਲ ਹਨ ਜੋ ਕਿ ਕ੍ਰੌਸ ਇਨਫੈਕਸ਼ਨ ਨੂੰ ਰੋਕਣ ਅਤੇ ਕੋਵਿਡ -19 ਮਰੀਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਨਗੀਆਂ। ਮੰਤਰੀ ਨੇ ਕਿਹਾ ਕਿ ਇਹ ਆਪਣੀ ਕਿਸਮ ਦੀਆਂ ਪਹਿਲੀ ਐਂਬੂਲੈਂਸਾਂ ਹਨ , ਜੋ ਅੰਮਿ੍ਰਤਸਰ ਅਤੇ ਲੁਧਿਆਣਾ ਵਿਖੇ ਕੰਮ ਕਰਨਗੀਆਂ, ਜਿੱਥੇ ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਪੰਜਾਬ ਦੇ ਸਾਰੇ ਜਿਲਿਆਂ, ਪਿੰਡਾਂ ਅਤੇ ਕਸਬਿਆਂ ਵਿੱਚ ਉਪਲਬਧ ਹੋਣਗੀਆਂ।ਆਮ ਲੋਕਾਂ ਦੇ ਲਾਭ ਲਈ ਨਵੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨ ਲਈ, ਈਆਰਐਸ -108-ਐਂਬੂਲੈਂਸਾਂ ਦੀਆਂ ਆਈਈਸੀ ਗਤੀਵਿਧੀਆਂ ਦੇ ਤਹਿਤ ਇਸ ਮੌਕੇ ਉਪ ਮੁੱਖ ਮੰਤਰੀ ਵਲੋਂ ਇੱਕ ਜਾਣਕਾਰੀ ਭਰਪੂਰ ਵੀਡੀਓ ਵੀ ਜਾਰੀ ਕੀਤਾ ਗਿਆ।