ਰਾਜਸਥਾਨ ਦੇ ਬਾੜਮੇਰ ਵਿੱਚ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ 21 ਹਾਦਸਾਗ੍ਰਸਤ ਹੋ ਗਿਆ ਹੈ। ਬਾੜਮੇਰ ਦੇ ਬਾਏਤੂ ਥਾਣਾ ਖੇਤਰ ਦੇ ਭੀਮਡਾ ਪਿੰਡ ਨੇੜੇ ਵੀਰਵਾਰ ਰਾਤ ਏਅਰ ਫੋਰਸ ਦਾ ਮਿਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਿਵੇਂ ਹੀ ਜਹਾਜ਼ ਜ਼ਮੀਨ ‘ਤੇ ਡਿੱਗਿਆ, ਉਸ ਨੂੰ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ। ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦਾ ਮਲਬਾ ਅੱਧਾ ਕਿਲੋਮੀਟਰ ਤੱਕ ਫੈਲ ਗਿਆ। ਹਾਦਸੇ ‘ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਮਿਗ ਕਰੈਸ਼ ਹੋਣ ਦੀ ਖਬਰ ਨਾਲ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏਅਰਪੋਰਟ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਮਿਗ-21 ਹਾਦਸੇ ਵਿੱਚ ਭਾਰਤੀ ਹਵਾਈ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਦੋਵਾਂ ਪਾਇਲਟਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਿਆਨ ਮੁਤਾਬਕ, ਟਵਿਨ ਸੀਟਰ ਮਿਗ-21 ਬਾਇਸਨ ਟ੍ਰੇਨਰ ਜਹਾਜ਼ ਨੇ ਰਾਜਸਥਾਨ ਦੇ ਉਤਰਲਾਈ ਏਅਰ ਬੇਸ ਤੋਂ ਰਾਤ ਕਰੀਬ 9:30 ਵਜੇ ਉਡਾਣ ਭਰੀ। ਇਹ ਉਡਾਣ ਇੱਕ ਸਿਖਲਾਈ ਉਡਾਣ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਇਸਦੇ ਨਾਲ ਹੀ ਇਸ ਘਟਨਾ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਵਾਈ ਸੈਨਾ ਦੇ ਮਿਗ 21 ਜੈੱਟ ਦੇ ਦੋ ਪਾਇਲਟਾਂ ਦੀ ਮੌਤ ‘ਤੇ ਦੁਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ।