ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ

0
167

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ ਵਿੱਚ ਅੱਜ ਹਰਜਿੰਦਰ ਸਿੰਘ ਧਾਮੀ ਦੀ ਨਵੇਂ ਪ੍ਰਧਾਨ ਵੱਜੋਂ ਚੋਣ ਹੋਈ। ਉਹ ਸਿੱਖਾਂ ਦੀ ਸਰਬਉਚ ਸੰਸਥਾ ਦੇ 44ਵੇਂ ਪ੍ਰਧਾਨ ਵੱਜੋਂ ਚੁਣੇ ਗਏ।

ਅੱਜ 15 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ। ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਤੇ ਮਿੱਠੂ ਸਿੰਘ ਕਾਹਨੇਕੇ ਦੇ ਨਾਂਅ ਮੁਕਾਬਲੇ ਵਿੱਚ ਪੇਸ਼ ਕੀਤੇ ਗਏ। ਮਿੱਠੂ ਸਿੰਘ ਕਾਹਨੇਕੇ ਬਲਵਿੰਦਰ ਬੈਂਸ, ਸੁਖਦੇਵ ਢੀਂਡਸਾ ਅਤੇ ਹੋਰ ਦਲਾਂ ਨਾਲ ਸਬੰਧਤ ਹਨ, ਜਦਕਿ ਧਾਮੀ ਅਕਾਲੀ ਦਲ ਨਾਲ ਸਬੰਧਤ ਹਨ। ਇਸ ਪਿੱਛੋਂ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਹੋਈ। ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ ਵੱਧ ਵੋਟਾਂ ਪਈਆਂ ਅਤੇ ਉਹ ਚੋਣ ਜਿੱਤ ਗਏ। ਇਸ ‘ਚ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਮਿਲੀਆਂ ਤੇ ਮਿੱਠੂ ਸਿੰਘ ਨੂੰ ਸਿਰਫ 19 ਵੋਟਾਂ ਮਿਲੀਆਂ।

ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ 43ਵੇਂ ਪ੍ਰਧਾਨ ਰਹੇ। ਸ਼੍ਰੋਮਣੀ ਕਮੇਟੀ ਸਦਨ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੈ, ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਕੋਲ ਹਨ।

ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਸ਼੍ਰੋਮਣੀ ਕਮੇਟੀ ਦੇ ਨਵੇਂ ਬਣਨ ਵਾਲੇ ਪ੍ਰਧਾਨ ਲਈ ਸਭ ਤੋਂ ਵੱਧ ਚਰਚਾ ਵਿੱਚ ਸਨ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੈਠਕ ਵਿੱਚ ਬੀਬੀ ਜਗੀਰ ਕੌਰ ਨੂੰ ਵਿਧਾਨ ਸਭਾ ਚੋਣਾਂ ‘ਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਕੇ ਨਵੇਂ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਰੱਖਣ ਦੇ ਸੰਕੇਤ ਦਿੱਤੇ ਸਨ।

LEAVE A REPLY

Please enter your comment!
Please enter your name here