ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ, ਐਡਵੋਕੇਟ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ

0
74

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ ’ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ ’ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ਬਦਲ ਕੇ ਸਟੀਲ ਦੇ ਲਗਾ ਦਿੱਤੇ ਗਏ ਹਨ। ਇਸੇ ਤਰ੍ਹਾਂ ਹਰਿ ਕੀ ਪਉੜੀ ਦਾ ਲੱਕੜ ਵਾਲਾ ਫ਼ਰਸ਼ ਵੀ ਤਬਦੀਲ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੱਧਨੀ ਵਾਲਿਆਂ ਪਾਸੋਂ ਕਰਵਾਈ ਗਈ ਹੈ। ਇਸ ਸੇਵਾ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਸੰਗਤ ਲਈ ਸ਼ਰਧਾ ਵਾਲਾ ਸਥਾਨ ਹੈ। ਇਸ ਅਸਥਾਨ ’ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ਪੁਰਾਣੇ ਹੋਣ ਕਾਰਨ ਤਬਦੀਲ ਕੀਤੀ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕਾਰਜ ਦੀ ਸੇਵਾ ਬਾਬਾ ਪ੍ਰਦੀਪ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਗਾਰਡਰ ਲੋਹੇ ਦੀ ਥਾਂ ਸਟੀਲ ਨਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਤੇ ਜੰਗਾਲ ਦਾ ਅਸਰ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਸੰਗਤ ਦੀ ਗੁਰੂ ਘਰ ਪ੍ਰਤੀ ਸ਼ਰਧਾ ਵੱਡੀ ਹੈ ਅਤੇ ਇਥੇ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਸੰਗਤਾਂ ਵਧਚੜ੍ਹ ਕੇ ਹਿੱਸਾ ਲੈਂਦੀਆਂ ਹਨ। ਉਨ੍ਹਾਂ ਬਾਬਾ ਪ੍ਰਦੀਪ ਸਿੰਘ ਬੱਧਨੀ ਵਾਲਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਸ. ਸੁਖਹਰਪ੍ਰੀਤ ਸਿੰਘ ਰੋਡੇ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸ. ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here