ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਦੇ ਨਾਲ 92 ਵਿਧਾਇਕ ਵੀ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਦੇ ਬਾਅਦ ਇਥੋਂ ਇਹ ਕਾਫ਼ਿਲਾ ਜਲ੍ਹਿਆਵਾਲਾ ਬਾਗ ਦੇ ਲਈ ਰਵਾਨਾ ਹੋਇਆ, ਜਿੱਥੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਇਸ ਦੇ ਨਾਲ ਹੀ ਉਹ ਦੁਰਗਿਆਣਾ ਮੰਦਿਰ ਵੀ ਨਤਮਸਤਕ ਹੋਏ।
ਅੰਮ੍ਰਿਤਸਰ ਵਿਖੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਉਪਰੰਤ ਆਮ ਆਦਮੀ ਪਾਰਟੀ ਵੱਲੋਂ ਵੱਡਾ ਮੈਗਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ‘ਆਪ’ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ ਜਾਵੇਗਾ। ਮੈਗਾ ਰੋਡ ਸ਼ੋਅ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਹ ਰੋਡ ਸ਼ੋਅ ਕਚਹਿਰੀ ਚੌਂਕ ਤੋਂ ਸ਼ੁਰੂ ਹੋਵੇਗਾ ਅਤੇ ਨਾਵਲਟੀ ਚੌਂਕ ਖ਼ਤਮ ਹੋਵੇਗਾ। ਰੋਡ ਸ਼ੋਅ ’ਚ ਲੋਕ ਪੈਦਲ ਹੀ ਹਿੱਸਾ ਲੈਣਗੇ। ਸਾਰਿਆਂ ਨੂੰ ਆਪਣੀਆਂ ਗੱਡੀਆਂ ਡੀ ਬਲਾਕ ਦੀ ਪਾਰਕਿੰਗ ’ਚ ਪਾਰਥ ਕਰਨ ਲਈ ਕਿਹਾ ਗਿਆ ਹੈ। ਰੋਡ ਸ਼ੋਅ ਦੇ ਰਸਤੇ ਨੂੰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਹੋਰਡਿੰਗਸ ਅਤੇ ਕੱਟ ਆਊਟ ਨਾਲ ਸਜਾਇਆ ਗਿਆ ਹੈ।