ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਖਰਾਬ ਮੌਸਮ ਦੇ ਮੱਦੇਨਜ਼ਰ ਇਸ ਵਾਰ ਨਗਰ ਕੀਰਤਨ ਪਹਿਲਾਂ ਤੈਅ ਮਾਰਗ ਦੀ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਤੱਕ ਹੀ ਸੀਮਤ ਰਿਹਾ। ਨਗਰ ਕੀਰਤਨ ਦੀ ਅਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਤੇ ਨਗਾਰਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ।
ਇੱਥੇ ਤਿਆਰ ਹੁੰਦੀ ਹੈ ਪ੍ਰਚਾਰ ਦੀ ਸਮੱਗਰੀ, ਜਿੱਤ ਦੀ ਸਕੀਮ ਕਿਵੇਂ ਘੜ੍ਹੀ ਜਾਂਦੀ ਹੈ ?ਸੁਣੋ
ਇਸੇ ਦੌਰਾਨ ਪਰਕਰਮਾਂ ਵਿਚ ਸੰਗਤ ਨੇ ਨਗਰ ਕੀਰਤਨ ਦੇ ਨਾਲ ਚਲਦਿਆਂ ਗੁਰੂ ਜਸ ਗਾਇਨ ਕੀਤਾ ਅਤੇ ਫੁੱਲਾਂ ਦੀ ਵਰਖਾਂ ਕਰਕੇ ਸ਼ਰਧਾ ਪ੍ਰਗਟਾਈ। ਨਗਰ ਕੀਰਤਨ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸਕੱਤਰ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਨਰਿੰਦਰ ਸਿੰਘ, ਸ. ਇਕਬਾਲ ਸਿੰਘ ਮੁੱਖੀ, ਸ. ਜਸਪਾਲ ਸਿੰਘ ਢੱਡੇ, ਸ. ਨਿਸ਼ਾਨ ਸਿੰਘ, ਸ. ਨਿਰਮਲ ਸਿੰਘ ਇੰਚਾਰਜ, ਸ. ਸੁਖਬੀਰ ਸਿੰਘ ਸਮੇਤ ਸੰਗਤਾਂ ਸ਼ਾਮਲ ਹੋਈਆਂ।
ਐਡਵੋਕੇਟ ਧਾਮੀ ਨੇ ਦਸਮੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਦਿੱਤੀ ਵਧਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਦਸਮ ਪਾਤਸ਼ਾਹ ਜੀ ਦਾ ਜੀਵਨ ਮਨੁੱਖਤਾ ਲਈ ਚਾਨਣ ਮੁਨਾਰਾ ਹੈ, ਜਿਸ ਤੋਂ ਸੇਧ ਲੈ ਕੇ ਜੀਵਨ ਦੀਆਂ ਤਰਜੀਹਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ। ਗੁਰੂ ਸਾਹਿਬ ਇਕ ਕ੍ਰਾਂਤੀਕਾਰੀ ਰਹਿਬਰ ਸਨ, ਜਿਨ੍ਹਾਂ ਨੇ ਜਬਰ ਜ਼ੁਲਮ ਵਿਰੁੱਧ ਅਵਾਜ਼ ਉਠਾਈ ਅਤੇ ਮਨੁੱਖਤਾਂ ਨੂੰ ਸਵੈਮਾਨ ਨਾਲ ਜੀਵਨ ਜੀਣ ਲਈ ਉਤਸਾਹਤ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਸਰਬੰਸ ਮਾਨਵਤਾ ਲਈ ਵਾਰ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਇਕ ਵਿਲੱਖਣ ਮਿਸਾਲ ਕਾਇਮ ਕੀਤੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮਾਜਿਕ ਬੁਰਾਈਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਉੱਤੇ ਚੱਲ ਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ।