ਸੈਲਾਨੀਆਂ ਦੇ ਸਵਾਗਤ ਲਈ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਤਿਆਰ ਹੋ ਗਿਆ ਹੈ। 23 ਮਾਰਚ ਯਾਨੀ ਕਿ ਅੱਜ ਇਸ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਗਾਰਡਨ ਦੀ ਖੂਬਸੂਰਤੀ ਨੂੰ ਵੇਖਣ ਲਈ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਡਲ ਝੀਲ ਨਾਲ ਜ਼ਬਰਵਾਨ ਰੇਂਜ ਦੀ ਤਲਹਟੀ ‘ਤੇ ਸਥਿਤ ਟਿਊਲਿਪ ਗਾਰਡਨ ਲੱਗਭਗ 30 ਹੈਕਟੇਅਰ ਜ਼ਮੀਨ ਵਰਗ ’ਚ ਫੈਲਿਆ ਹੋਇਆ ਹੈ। ਫਲੋਰੀਕਲਚਰ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਇਸ ਸਾਲ 68 ਕਿਸਮਾਂ ਦੇ 15 ਲੱਖ ਤੋਂ ਵਧੇਰੇ ਟਿਊਲਿਪ ਲਾਏ ਗਏ ਹਨ। ਉਮੀਦ ਹੈ ਕਿ ਲੱਖਾਂ ਦੀ ਗਿਣਤੀ ’ਚ ਸੈਲਾਨੀ ਇਨ੍ਹਾਂ ਨੂੰ ਵੇਖਣ ਪਹੁੰਚਣਗੇ ਅਤੇ ਪਿਛਲੇ ਰਿਕਾਰਡ ਟੁੱਟਣਗੇ।
ਕਸ਼ਮੀਰ ’ਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਵਿਚ ਟਿਊਲਿਪ ਗਾਰਡਨ ਨੇ ਅਹਿਮ ਭੂਮਿਕਾ ਨਿਭਾਈ ਹੈ। ਟਿਊਲਿਪ ਫੈਸਟੀਵਲ ਗਰਮੀਆਂ ਦੇ ਮੌਸਮ ਤੋਂ ਪਹਿਲਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਹੋਰ ਮੌਕੇ ਖੋਲ੍ਹਣ ਵਿਚ ਵੀ ਮਦਦ ਕਰਦਾ ਹੈ। ਪਿਛਲੇ 3 ਸਾਲਾਂ ਤੋਂ ਕਸ਼ਮੀਰ ’ਚ ਸੈਰ-ਸਪਾਟਾ ਉਦਯੋਗ ਦਾ ਕੋਵਿਡ-19 ਕਾਰਨ ਕਾਫੀ ਨੁਕਸਾਨ ਹੋਇਆ ਹੈ। ਟਿਊਲਿਪ ਗਾਰਡਨ ਵੀ ਕੁਝ ਦਿਨਾਂ ਲਈ ਖੁੱਲ੍ਹਿਆ ਸੀ ਪਰ ਫਿਰ ਬੰਦ ਕਰਨਾ ਪਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਕੋਵਿਡ ਪਾਬੰਦੀਆਂ ਦੇ ਬਾਵਜੂਦ 2.25 ਲੱਖ ਤੋਂ ਵਧੇਰੇ ਸੈਲਾਨੀ ਟਿਊਲਿਪ ਗਾਰਡਨ ’ਚ ਆਏ ਸਨ।
ਜਾਣਕਾਰੀ ਅਨੁਸਾਰ ਇਸ ਸਾਲ ਇਕ ਟਿਊਲਿਪ ਉਤਸਵ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਤਾਰੀਖ਼ ਬਾਅਦ ’ਚ ਤੈਅ ਕੀਤੀ ਜਾਵੇਗੀ। ਉਤਸਵ ’ਚ ਸੈਲਾਨੀਆਂ ਦੇ ਮਨੋਰੰਜਨ ਲਈ ਕੁਝ ਵਿਸ਼ੇਸ਼ ਸੈਲੀਬ੍ਰਿਟੀ ਨੂੰ ਸੱਦਾ ਦਿੱਤਾ ਜਾ ਸਕਦਾ ਹੈ।