ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮੁਕੇਰੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪੰਜਾਬ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ।ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਕਿਹਾ ਕਿ ਜਿਹੜੀਆਂ ਵੀ ਸਹੂਲਤਾਂ ਪੰਜਾਬ ’ਚ ਦਿੱਤੀਆਂ ਗਈਆਂ ਹਨ, ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਦਿੱਤੀਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਕਾਲਰਸ਼ਿਪ ਦੀ ਸਕੀਮ ਵੀ ਬਾਦਲ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਗਿਆ। ਪੰਜ ਸਾਲਾ ਤੋਂ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ। ਸੁਖਬੀਰ ਨੇ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁੜ ਨੀਲੇ ਕਾਰਡ ਬਣਾਏ ਜਾਣਗੇ ਅਤੇ ਘਰ ਦੀਆਂ ਮੁਖੀ ਬੀਬੀਆਂ ਦੇ ਖ਼ਾਤਿਆਂ ’ਚ ਮਹੀਨੇ ਦੇ 2 ਹਜ਼ਾਰ ਰੁਪਏ ਪਾਏ ਜਾਣਗੇ।
ਪੰਜਾਬ ਸਰਕਾਰ ’ਤੇ ਹਮਲਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਪੁੱਛਿਆ ਸੀ ਕਿ ਕਾਂਗਰਸ ਦਾ ਰਾਜ ਰਿਹਾ ਹੈ ਤੁਹਾਡਾ ਕੋਈ ਇੱਕ ਵੀ ਕੰਮ ਦੀ ਨਿਸ਼ਾਨੀ ਦੱਸ ਦਿਓ ਤਾਂ ਚੰਨੀ ਸਾਬ੍ਹ ਉਹ ਵੀ ਨਹੀਂ ਦੱਸ ਸਕੇ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਜਿਹੜੇ ਵਿਕਾਸ ਕਾਰਜਾਂ ਦੇ ਕੰਮ ਕਰਨ ਵਾਲੇ ਹਨ, ਉਹ ਕਰਦੇ ਨਹੀਂ ਪਏ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਤਾਂ ਇਸ ਕਰਕੇ ਮੁੱਖ ਮੰਤਰੀ ਬਣਾਇਆ ਗਿਆ ਹੈ ਕਿ ਸਾਰੇ ਪਾਪ ਹੁਣ ਕੈਪਟਨ ਦੇ ਸਿਰ ’ਤੇ ਸੁੁੱਟ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪੰਜ ਸਾਲ ਸਕਾਲਰਸ਼ਿਪ ਬੱਚਿਆਂ ਨੂੰ ਨਹੀਂ ਦਿੱਤੀ ਗਈ। ਮੰਤਰੀ ਧਰਮਸੋਤ ਨੇ ਜਦੋਂ ਸਕਾਲਰਸ਼ਿਪ ਨੂੰ ਲੈ ਕੇ ਘਪਲਾ ਕੀਤਾ ਸੀ ਤਾਂ ਚੰਨੀ ਮੰਤਰੀ ਰਹਿੰਦੇ ਹੋਏ ਵੀ ਕੁਝ ਨਹੀਂ ਬੋਲਿਆ।
ਇਸ ਮੌਕੇ ਉਨ੍ਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਹਰ ਇਕ ਵਰਗ ਨੂੰ 400 ਯੂਨਿਟ ਬਿਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ 50 ਫ਼ੀਸਦੀ ਕੁੜੀਆਂ ਲਈ ਨੌਕਰੀਆਂ ਰਿਜ਼ਰਵ ਕੀਤੀਆਂ ਜਾਣਗੀਆਂ ਅਤੇ ਘੱਟ ਤੋਂ ਘੱਟ 10 ਹਜ਼ਾਰ ਨੌਕਰੀਆਂ ਪੰਜਾਬ ਪੁਲਿਸ ਵਿਚ ਭਰਤੀ ਕੀਤੀਆਂ ਜਾਣਗੀਆਂ। ਸੁਖਬੀਰ ਬਾਦਲ ਨੇ ਅੱਗੇ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁੜ ਨੀਲੇ ਕਾਰਡ ਬਣਾਏ ਜਾਣਗੇ ਅਤੇ ਘਰ ਦੀਆਂ ਮੁਖੀ ਬੀਬੀਆਂ ਦੇ ਖ਼ਾਤਿਆਂ ’ਚ 2 ਹਜ਼ਾਰ ਮਹੀਨੇ ਦੇ ਹਿਸਾਬ ਨਾਲ ਸਾਲ ਦੇ 24 ਹਜ਼ਾਰ ਰੁਪਏ ਪਾਏ ਜਾਣਗੇ।
ਇਸ ਦੇ ਇਲਾਵਾ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ’ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਫਿਰ ਤੋਂ ਗਾਰੰਟੀ ਦੇਣ ਪੰਜਾਬ ਆ ਰਿਹਾ ਹੈ। ਅਜੇ ਤੱਕ ਤਾਂ ਉਹ ਇਹ ਗਾਰੰਟੀ ਨਹੀਂ ਦੇ ਸਕਿਆ ਹੈ ਕਿ ਪੰਜਾਬ ਦਾ ਕਿਹੜਾ ਮੁੱਖ ਮੰਤਰੀ ਚਿਹਰਾ ਰੱਖਣਾ ਹੈ।