ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਤੇ ਫਿਰ ਵਰਲਡ ਕਬੱਡੀ ਕੱਪ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ ਪੰਜ ਕਰੋੜ ਦਾ ਰੱਖਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਬੱਡੀ ਖਿਡਾਰੀਆਂ ਦੇ ਰੂ ਬ ਰੂ ਹੋਏ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੀ ਸਰਕਾਰ ਆਉਣ ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਬੱਡੀ ਕੋਚ ਸੁਰਿੰਦਰ ਪਾਲ ਸਿੰਘ ਟੋਨੀ ਕਾਲਕਾ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਵੀ ਡੋਪ ਟੈਸਟ ਹੋਣ, ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਮਿਲੇ, ਪੁਰਾਣੇ ਖਿਡਾਰੀਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਕਬੱਡੀ ਖੇਡ ਵਿੱਚ ਸ਼ਾਮਲ ਹੋ ਰਹੇ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਹੋਵੇ।
ਇਸ ਮੌਕੇ ਕਬੱਡੀ ਖਿਡਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਰਕਾਰ ਆਉਣ ਤੇ ਫਿਰ ਵਰਲਡ ਕਬੱਡੀ ਕੱਪ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ ਪੰਜ ਕਰੋੜ ਦਾ ਰੱਖਿਆ ਜਾਵੇਗਾ। ਇਸ ਦੇ ਨਾਲ ਪੰਜਾਬ ਕਬੱਡੀ ਕੱਪ ਵੀ ਹੋਵੇਗਾ ਜਿਸ ਵਿਚ ਜ਼ਿਲ੍ਹਾ ਪੱਧਰ ਦੇ ਖਿਡਾਰੀ ਚੁਣ ਕੇ ਟੀਮਾਂ ਨਾਲ ਖੇਡਣਗੇ ਅਤੇ ਪੰਜਾਬ ਦੇ ਖਿਡਾਰੀਆਂ ਵਿੱਚੋਂ ਹੀ ਖਿਡਾਰੀ ਚੁਣ ਕੇ ਕਬੱਡੀ ਲੀਗ ਵੀ ਕਰਵਾਈ ਜਾਵੇਗੀ ਤਾਂ ਜੋ ਪੰਜਾਬੀ ਖੇਡ ਕਬੱਡੀ ਦੁਨੀਆਂ ਦੇ ਨਕਸ਼ੇ ਤੇ ਪਹਿਲਾਂ ਦੀ ਤਰ੍ਹਾਂ ਸਾਹਮਣੇ ਆਵੇ।
ਉਨ੍ਹਾਂ ਕਬੱਡੀ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਖੇਡ ਰਾਹੀਂ ਜ਼ਖ਼ਮੀ ਹੋਣ ਵਾਲੇ ਖਿਡਾਰੀਆਂ ਦਾ ਭਵਿੱਖ ਵੀ ਸੁਰੱਖਿਅਤ ਕੀਤਾ ਜਾਵੇਗਾ,ਖਿਡਾਰੀਆਂ ਨੂੰ ਯੋਗਤਾ ਅਨੁਸਾਰ ਨੌਕਰੀ ਦੇਣਾ ਯਕੀਨੀ ਬਣਾਇਆ ਜਾਵੇਗਾ ਅਤੇ ਕਬੱਡੀ ਨੂੰ ਉਤਸ਼ਾਹਤ ਕਰਨ ਲਈ ਹਰ ਵਿਧਾਨ ਸਭਾ ਹਲਕੇ ਵਿੱਚ ਕੱਬਡੀ ਖੇਡ ਸਟੇਡੀਅਮ ਉਸਾਰੇ ਜਾਣਗੇ । ਇਸ ਮੌਕੇ ਉਨ੍ਹਾਂ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਰਵਿੰਦਰ ਕੁਮਾਰ ਭੀਟੀ ਜਿਸ ਤੇ ਰਮੇਸ਼ ਕੁਮਾਰ ਰੈਂਬੋ ਨਾਮ ਦੇ ਵਿਅਕਤੀ ਨੇ ਵਰਦੀ ਦੀ ਧੌਂਸ ਨਾਲ ਨਸ਼ਾ ਵਿਕਵਾਉਣ ਦੇ ਦੋਸ਼ ਲਾਏ ਹਨ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭੀਟੀ ਪੁਲਸ ਵਿਭਾਗ ਤੇ ਕਲੰਕ ਹੈ, ਜਿਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਕਬੱਡੀ ਐਸੋਸੀਏਸ਼ਨ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਡੂਖੇੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਮੇਤ ਅਕਾਲੀ ਆਗੂ ਹਾਜ਼ਰ ਸਨ ।