ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਕਲਾਕਾਰ ਤੇ ਆਮ ਲੋਕ ਯਾਦ ਕਰਕੇ ਭਾਵੁਕ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਹਨ।
ਰਾਜਾ ਵੜਿੰਗ ਨੇ ਪਾਈ ਹੋਈ ਪੋਸਟ ’ਚ ਲਿਖਿਆ ਕਿ, ‘‘ਅੱਜ ਮੇਰੇ ਭਰਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਅੱਜ ਸਿੱਧੂ ਨੇ 29 ਸਾਲ ਦਾ ਹੋ ਜਾਣਾ ਸੀ ਪਰ ਅਕਾਲ ਪੁਰਖ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ।’’ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਲਿਖਿਆ ਕਿ, ‘‘ਤੈਨੂੰ ਯਾਦ ਕਰਦਿਆ ਹੀ ਅੱਖਾਂ ਭਰ ਆਈਆਂ, ਭਾਵੇਂ ਯਾਰਾਂ ਤੂੰ ਇਸ ਦੁਨੀਆਂ ਤੋਂ ਚਲਾ ਗਿਆ ਪਰ ਮੇਰੇ ਦਿਲ ‘ਚ ਹਮੇਸ਼ਾ ਜਿੰਦਾ ਰਹੇਂਗਾ। ਤੇਰੀ ਮੌਤ ਦਾ ਇਨਸਾਫ਼ ਦਵਾ ਕੇ ਰਹਾਂਗਾ।’’ #legendsneverdie।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ-ਦਿਹਾੜੇ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਪੰਜਾਬੀ ਦੁਖੀ ਅਤੇ ਸਦਮੇ ’ਚ ਹੈ। ਪੰਜਾਬ ’ਚ ਇੰਨੀ ਵੱਡੀ ਘਟਨਾ ਹੋਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੂਸੇਵਾਲਾ ਦੇ ਜਾਣ ਨਾਲ ਉਸ ਦੇ ਮਾਤਾ-ਪਿਤਾ ਸਦਮੇ ’ਚ ਹਨ। ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਇਸ ਦੁਨੀਆ ’ਚ ਰਿਹਾ। ਬੇਸ਼ੱਕ ਸਿੱਧੂ ਮੂਸੇਵਾਲਾ ਸਰੀਰਿਕ ਤੌਰ ‘ਤੇ ਇਸ ਦੁਨੀਆ ‘ਚ ਨਹੀਂ ਰਿਹਾ ਪਰ ਉਸ ਦੇ ਗੀਤਾਂ ਰਾਹੀਂ ਉਹ ਰਹਿੰਦੀ ਦੁਨੀਆ ਤਕ ਯਾਦ ਰਹੇਗਾ।