ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਵਿਦੇਸ਼ ਜਾਣ ਲਈ ਛੁੱਟੀ ਸੰਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਹੜੇ ਵੀ ਅਧਿਆਪਕ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਗਰਮੀ ਦੀਆਂ ਛੁੱਟੀਆਂ ‘ਚ ਅਪਲਾਈ ਕਰਨ। ਅਸਲ ਵਿਚ ਅਧਿਕਾਰੀਆਂ ਦੇ ਧਿਆਨ ‘ਚ ਆਇਆ ਹੈ ਕਿ ਬਹੁਤੇ ਅਧਿਆਪਕ ਵਿਦੇਸ਼ ਜਾਣ ਲਈ ਉਸ ਵੇਲੇ ਅਪਲਾਈ ਕਰਦੇ ਹਨ ਜਦੋਂ ਸਕੂਲ ‘ਚ ਪੜ੍ਹਾਈ ਜਾਰੀ ਹੁੰਦੀ ਹੈ।
ਨਵੀਆਂ ਹਦਾਇਤਾਂ ਅਨੁਸਾਰ ਡੀਪੀਆਈ ਸਿੱਖਿਆ ਵਿਭਾਗ ਦੀ ਕੋਆਰਡੀਨੇਸ਼ਨ ਸ਼ਾਖਾ ਨੇ ਵਿਦੇਸ਼ ਛੁੱਟੀ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਹੀ ਨਿਸ਼ਚਤ ਕਰ ਦਿੱਤਾ ਹੈ। ਸਹਾਇਕ ਡਾਇਰੈਕਟਰ ਕੋਆਰਡੀਨੇਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਬਹੁਤ ਸਾਰੇ ਅਧਿਆਪਕ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਮਿਲਣ ਜਾਣ ਵਾਸਤੇ ਉਨ੍ਹਾਂ ਮਹੀਨਿਆਂ ਦੀ ਚੋਣ ਕਰਦੇ ਹਨ ਜਿਨ੍ਹਾਂ ਵਿਚ ਪੜ੍ਹਾਈ ਦਾ ਜ਼ੋਰ ਹੁੰਦਾ ਹੈ ਜਿਸ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੁੰਦਾ ਹੈ, ਇਸ ਕਾਰਨ ਵਿਭਾਗ ਵੱਲੋਂ ਸਖ਼ਤ ਫ਼ੈਸਲਾ ਲਿਆ ਗਿਆ ਹੈ।