ਸਿੱਖਿਆ ਦੇ ਮੁੱਦੇ ‘ਤੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿੱਖਿਆ ਮੰਤਰੀ ‘ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦਰਮਿਆਨ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਟਵਿੱਟਰ ’ਤੇ ਇੱਕ ਦੂਜੇ ‘ਤੇ ਤੰਜ ਕੱਸੇ ਗਏ। ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਵਲੋਂ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਸੀ। ਸਿਸੋਦੀਆ ਨੇ ਪਰਗਟ ਸਿੰਘ ਨੂੰ ਚੈਲੰਜ ਕਰਦਿਆਂ ਆਖਿਆ ਸੀ ਕਿ ਤੁਸੀਂ ਵੀ ਆਪਣੇ ਸਕੂਲਾਂ ਦੀ ਲਿਸਟ ਜਾਰੀ ਕਰੋ ਅਤੇ ਫਿਰ ਦੋਵੇਂ ਮੰਤਰੀ ਇਕ ਦੂਜੇ ਦੇ ਸਕੂਲਾਂ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਇਸ ਦਰਮਿਆਨ ਪੰਜਾਬ ਸਰਕਾਰ ਨੇ ਤਾਂ ਸੂਚੀ ਜਾਰੀ ਨਹੀਂ ਕੀਤੀ ਪਰ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਪੰਜਾਬ ਦੇ ਸਕੂਲਾਂ ਵਿਚ ਪਹੁੰਚ ਕੇ ਚੈਕਿੰਗ ਜ਼ਰੂਰ ਕੀਤੀ ਗਈ ਹੈ।
ਸਿੱਖਿਆ ਦੇ ਮਾਮਲੇ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਵਿਵਾਦ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਿਨੀਸ਼ ਸਿਸੋਦੀਆ ਵਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਚਮਕੌਰ ਸਾਹਿਬ ਵਿਖੇ ਪਹੁੰਚ ਕੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਦਰਅਸਲ ਦਿੱਲੀ ਅਤੇ ਪੰਜਾਬ ਸਰਕਾਰ ਵਲੋਂ ਆਪੋ-ਆਪਣੇ ਸੂਬਿਆਂ ਵਿਚ ਸਿੱਖਿਆ ਦੇ ਪੱਧਰ ਵਧੀਆ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਅੱਜ ਮਨੀਸ਼ ਸਿਸੋਦੀਆ ਵਲੋਂ ਚਮਕੌਰ ਸਾਹਿਬ ਦੇ ਸਰਕਾਰੀ ਸਕੂਲ ਵਿਚ ਪਹੁੰਚ ਕੇ ਬੱਚਿਆਂ ਦੀਆਂ ਕਲਾਸਾਂ, ਬਾਥਰੂਮਾ ਅਤੇ ਹੋਰ ਥਾਵਾਂ ਦਾ ਨਿਰੀਖਣ ਕੀਤਾ ਗਿਆ।
ਮਿਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਿੱਖਿਆ ਦੇ ਵਧੀਆ ਪੱਧਰ ਦੇ ਦਾਅਵੇ ਕੀਤੇ ਜਾ ਰਹੇ ਸਨ, ਇਸ ਲਈ ਉਨ੍ਹਾਂ ਬਕਾਇਦਾ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਸਕੂਲਾਂ ਦੀ ਸੂਚੀ ਵੀ ਜਾਰੀ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸੂਚੀ ਜਾਰੀ ਨਹੀਂ ਕੀਤੀ।
ਉਨ੍ਹਾਂ ਨੇ ਖੁਦ ਮੁੱਖ ਮੰਤਰੀ ਦੇ ਹਲਕੇ ਦੇ ਸਕੂਲ ਵਿਚ ਇਸ ਲਈ ਚੈਕਿੰਗ ਕੀਤੀ ਕਿ ਕਿਉਂਕ ਮੁੱਖ ਮੰਤਰੀ ਦਾ ਹਲਕਾ ਹੋਣ ਕਾਰਣ ਇਥੇ ਸਕੂਲ ਵਧੀਆ ਹੋਵੇਗਾ ਪਰ ਇਸ ਸਕੂਲ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਅਧਿਆਪਕਾਂ ਅਤੇ ਬੱਚਿਆਂ ਦੇ ਪਖਾਨਿਆਂ ਦੀ ਹਾਲਤ ਖਸਤਾ ਹੈ, ਮਿਡ ਡੇ ਮੀਲ ਬਨਾਉਣ ਵਾਲਾ ਕਮਰਾ ਖਸਤਾ ਹਾਲ ਵਿਚ ਹੈ। ਸਿਸੋਦੀਆ ਨੇ ਕਿਹਾ ਕਿ ਇਸ ਸਕੂਲ ਵਿਚ ਸਿਰਫ ਇਕ ਹੀ ਅਧਿਆਪਕ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਆਖ ਰਹੇ ਹਨ ਕਿ ਪੰਜਾਬ ਦੇ ਸਕੂਲ ਨੰਬਰ ਇਕ ਹਨ ਜੇਕਰ ਪੰਜਾਬ ਦੇ ਸਕੂਲ ਅਜਿਹੇ ਹਨ ਤਾਂ ਬੱਚਿਆਂ ਨਾਲ ਧੱਕਾ ਹੋ ਰਿਹਾ ਹੈ। ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦਿੱਲੀ ਵਾਂਗ ਪੰਜਾਬ ਦੇ ਸਕੂਲਾਂ ਦੀ ਵੀ ਨੁਹਾਰ ਬਦਲੀ ਜਾਵੇਗੀ।