ਬੀਤੇ ਦਿਨੀ ਸਿੰਘੂ ਬਾਰਡਰ ’ਤੇ ਪੰਜਾਬ ਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ‘ਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਦੁਖ ਪ੍ਰਗਟ ਕੀਤਾ ਤੇ ਕਿਹਾ ਇਹ ਬਹੁਤ ਹੀ ਸ਼ਰਮਨਾਕ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਪੁਲਿਸ ਇਸ ਘਟਨਾ ਨੂੰ ਗੰਭੀਰਤਾ ਨਾਲ ਲਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।
ਮਾਇਆਵਤੀ ਨੇ ਇਸ ਸੰਬੰਧੀ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਲਖੀਮਪੁਰ ਖੀਰੀ ਵਾਂਗ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਅਤੇ ਸਰਕਾਰੀ ਨੌਕਰੀ ਦੇਵੇ।
1. दिल्ली सिंघु बॉर्डर पर पजंाब के एक दलित युवक की नृशंस हत्या अति-दुखद व शर्मनाक। पुलिस घटना को गंभीरता से लेते हुए दोषियों के विरुद्ध सख्त कार्रवाई करे तथा पंजाब के दलित सीएम भी लखीमपुर खीरी की तरह पीड़ित परिवार को 50 लाख रुपए की मदद व सरकारी नौकरी दें, बीएसपी की यह माँग।
— Mayawati (@Mayawati) October 16, 2021
ਸਿੰਘੂ ਬਾਰਡਰ ’ਤੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਰ ਦਿੱਤਾ ਗਿਆ। ਉਸ ਦੀ ਪਹਿਚਾਣ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਚੀਮਾ ਖੁਰਦ ਪਿੰਡ ਦੇ ਰਹਿਣ ਵਾਲੇ ਲਖਬੀਰ ਸਿੰਘ ਵਜੋਂ ਹੋਈ ਹੈ। ਉਹ 35-36 ਸਾਲ ਦਾ ਇਕ ਮਜ਼ਦੂਰ ਸੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਸੀ। ਉਸ ਨੂੰ ਨਿਹੰਗਾਂ ਨੇ ਮਾਰਿਆ ਸੀ।
ਸਿੰਘੂ ਬਾਰਡਰ ’ਤੇ ਲਖਬੀਰ ਸਿੰਘ 15 ਅਕਤੂਬਰ ਦੀ ਸਵੇਰ ਨੂੰ ਕਿਸਾਨ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਬੈਰੀਕੇਡਜ਼ ’ਤੇ ਮ੍ਰਿਤਕ ਹਾਲਤ ’ਚ ਟੰਗਿਆ ਮਿਲਿਆ। ਕਾਤਲਾਂ ਨੇ ਉਸ ਦੇ ਹੱਥ-ਪੈਰ ਵੱਢ ਦਿੱਤੇ ਸਨ ਅਤੇ ਕਤਲ ਮਗਰੋਂ ਲਾਸ਼ ਨੂੰ ਲੋਹੇ ਦੇ ਬੈਰੀਕੇਡਜ਼ ’ਤੇ ਟੰਗ ਗਏ ਸਨ। ਲਖਬੀਰ ਸਿੰਘ ਦੀ ਲਾਸ਼ ਮਿਲਣ ਨਾਲ ਉੱਥੇ ਭਾਜੜਾਂ ਪੈ ਗਈਆਂ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਸੀ।