ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕਿਸੇ ਵਿਅਕਤੀ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਜਾਂਦੇ ਤੇ ਉਹ ਵਿਅਕਤੀ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕਾ ਹੈ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਬੀਤ ਚੁੱਕੇ ਹਨ ਤਾਂ ਸੂਬੇ ‘ਚ ਦਾਖਲੇ ਲਈ ਉਨ੍ਹਾਂ ਦੀ ਨੈਗੇਟਿਵ ਰਿਪੋਰਟ ਲਈ ਜ਼ੋਰ ਨਾ ਦਿੱਤਾ ਜਾਵੇ।
ਸਿਹਤ ਮੰਤਰਾਲੇ ਦੇ ਅਨੁਸਾਰ ਬਗੈਰ ਲੱਛਣ ਵਾਲੇ ਵਿਅਕਤੀਆਂ ਜਿਨ੍ਹਾਂ ਨੇ ਕੋਵਿਡ 19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਹਨ ਤੇ ਦੂਜੀ ਡੋਜ਼ ਲਏ ਨੂੰ 15 ਦਿਨ ਲੰਘ ਗਏ ਹਨ ਤਾਂ ਉਨ੍ਹਾਂ ਨੂੰ RT-PCR ਟੈਸਟ ਲਾਜ਼ਮੀ ਕਰਾਉਣ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।
ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਕੋਲ ਕੋ-ਵਿਨ ਪੋਰਟਲ ਵੱਲੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਨਾਲ ਹਵਾਈ, ਰੇਲ, ਪਾਣੀ ਜਾਂ ਸੜਕ ਰਾਹੀਂ ਅੰਤਰਰਾਜੀ ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਇਹ ਤਾਜ਼ਾ ਨਿਰਦੇਸ਼ ਅਜਿਹੇ ਸਮੇਂ ਆਏ ਹਨ ਜਦੋਂ ਝਾਰਖੰਡ, ਛੱਤੀਸਗੜ੍ਹ ਤੇ ਤ੍ਰਿਪੁਰਾ ਵਰਗੇ ਸੂਬੇ ਯਾਤਰਾ ਰੋਕ ਦੇ ਨਿਯਮਾਂ ਨੂੰ ਜਾਰੀ ਰੱਖਦਿਆਂ ਆਰਟੀਪੀਸੀਆਰ ਦੀ ਰਿਪੋਰਟ ਮੰਗ ਰਹੇ ਹਨ। ਜਦੋਂ ਕਿ ਪੱਛਮੀ ਬੰਗਾਲ, ਗੁਜਰਾਤ, ਉੱਤਰ ਪ੍ਰਦੇਸ਼ ਤੇ ਕਰਨਾਟਕ ‘ਚ ਅੰਸ਼ਿਕ ਪਾਬੰਦੀਆਂ ਲਾਈਆਂ ਗਈਆਂ ਹਨ।
 
			 
		