ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਬਾਰੇ ਹੀ ਦੱਸ ਦੇਣ ਕਾਂਗਰਸੀ : ਹਰਪਾਲ ਸਿੰਘ ਚੀਮਾ

0
57

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੱਤਾਧਾਰੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਦੇ 13 ਨੁਕਾਤੀ ਏਜੰਡੇ ਸੰਬੰਧੀ ਕੀਤੇ ਗਏ ਦਾਅਵੇ ਨੂੰ ਮਹਿਜ਼ ਛਲਾਵਾ ਕਰਾਰ ਦਿੰਦੇ ਹੋਏ ਇੱਕ ਨੁਕਾਤੀ ਜਵਾਬ ਮੰਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਾਜ਼ਿਸ਼ ਘਾੜਿਆਂ ਸਮੇਤ ਦੋਸ਼ੀਆਂ ਨੂੰ ਮਿਸਾਲੀ ਸਜਾ ਕਦੋਂ ਮਿਲੇਗੀ?

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨਾਂ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਦੇ 13 ਨੁਕਾਤੀ ਏਜੰਡੇ ‘ਤੇ ਤੰਜ ਕਸਦਿਆਂ ਚੁਣੌਤੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਬਾਰੇ ਪੰਜਾਬ ਦੀ ਜਨਤਾ ਨੂੰ ਸਪੱਸ਼ਟ ਕਰ ਦੇਣ ਕਿ ਸਾਰੇ ਸਾਜਿਸ਼ਕਰਤਾ ਅਤੇ ਦੋਸ਼ੀਆਂ ਨੂੰ ਕਿੰਨੇ ਦਿਨਾਂ ਦੇ ਅੰਦਰ-ਅੰਦਰ ਮਿਸਾਲੀ ਸਜ਼ਾ ਮਿਲੇਗੀ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜੇ ਤੱਕ ਇਨ੍ਹਾਂ ਮਾਮਲਿਆਂ ਦੀ ਜਾਂਚ ਹੀ ਮੁਕੰਮਲ ਨਹੀਂ ਹੋਈ ਅਤੇ ਨਾ ਹੀ ਚਾਲਾਨ ਪੇਸ਼ ਕਰਨ ਦੀ ਅੰਤਿਮ ਪ੍ਰਕਿਰਿਆ ਪੂਰੀ ਹੋਈ ਹੈ। ਫਿਰ ਚੰਨੀ ਸਰਕਾਰ ਅਤੇ ਕਾਂਗਰਸ ਪ੍ਰਧਾਨ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ‘ਚ ਇਨਸਾਫ਼ ਸੰਬੰਧੀ ਹਵਾ ‘ਚ ਤੀਰ ਮਾਰ ਕੇ ‘ਗੁਰੂ ਸਾਹਿਬ’ ਦੀ ਵਾਰ-ਵਾਰ ਬੇਅਦਬੀ ਕਿਉਂ ਕਰ ਰਹੇ ਹਨ? ਚੀਮਾ ਨੇ ਚੁਣੌਤੀ ਦਿੱਤੀ ਕਿ ਜੇਕਰ ਚੰਨੀ ਅਤੇ ਸਿੱਧੂ ‘ਚ ਗੁਰੂ  ਅਤੇ ਗੁਰੂ ਦੀ ਸੰਗਤ ਪ੍ਰਤੀ ਜਰਾ ਜਿੰਨਾ ਵੀ ਸਨਮਾਨ ਹੈ ਤਾਂ ਉਹ ਗੁਰੂ ਸਾਹਿਬ ਦੇ ਦੋਖੀਆਂ ਨੂੰ ਅਗਲੇ ਚੰਦ ਦਿਨਾਂ ‘ਚ ਮਿਸਾਲੀ ਸਜਾ ਯਕੀਨੀ ਬਣਾਉਣ।

 ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਰਵਿੰਦ ਕੇਜਰੀਵਾਲ ਦੀ 49 ਦਿਨਾਂ ਸਰਕਾਰ ਦੀ ਮਿਸਾਲ ਦਿੰਦਿਆਂ ਪੁੱਛਿਆ, ”ਪਿਛਲੇ 2 ਮਹੀਨਿਆਂ ਤੋਂ ਸੂਬੇ ਦੀ ਮੁਕੰਮਲ ਕਮਾਨ ਤੁਹਾਡੇ ਦੋਵਾਂ ਦੇ ਹੱਥ ‘ਚ ਹੈ, ਪਰੰਤੂ ਜ਼ਮੀਨ ‘ਤੇ ਕੁੱਝ ਵੀ ਨਹੀਂ ਬਦਲਿਆ। ਜਨਤਾ ਨੂੰ ਗੁੰਮਰਾਹ ਕਰਨ ਲਈ ਡਰਾਮੇਬਾਜ਼ੀ ਅਤੇ ਝੂਠੇ ਅੰਕੜੇ ਪੇਸ਼ ਕਰਨ ਲਈ ਸਰਕਾਰੀ ਖ਼ਜ਼ਾਨੇ ਦੀ ਅੰਨ੍ਹੇਵਾਹ ਦੁਰਵਰਤੋਂ ਹੋ ਰਹੀ ਹੈ। ਭ੍ਰਿਸ਼ਟਾਚਾਰ ਜਿਉਂ ਦਾ ਤਿਉਂ ਹੈ।

ਚੀਮਾ ਨੇ ਕਿਹਾ ਇਸ ਦਾ ਅੰਦਾਜ਼ਾ ਕਾਂਗਰਸ ਦੀ ਪੌਣੇ ਪੰਜ ਸਾਲਾਂ ਦੀ ਕਾਰਜਸ਼ੈਲੀ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਚੀਮਾ ਨੇ ਕਿਹਾ ਜੇਕਰ ਸਿੱਧੂ ਅਤੇ ਚੰਨੀ ਇਹ ਸਮਝਦੇ ਹਨ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬਜ਼ੁਰਗਾਂ, ਵਪਾਰੀਆਂ ਅਤੇ ਗ਼ਰੀਬਾਂ ਨਾਲ 2017 ‘ਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ ਤਾਂ ਕਾਂਗਰਸ 2022 ਦੀਆਂ ਚੋਣਾਂ ਮੌਕੇ ਆਪਣੇ ਕੰਮਾਂ-ਕਾਰਾਂ ਅਤੇ ਕਾਰਗੁਜ਼ਾਰੀ ਦੇ ਆਧਾਰ ‘ਤੇ ਲੋਕਾਂ ਕੋਲੋਂ ਉਸੇ ਤਰੀਕੇ ਵੋਟਾਂ ਮੰਗਣ ਜਿਵੇਂ ਆਪਣੀ ਪੰਜ ਸਾਲਾਂ ਸਰਕਾਰ ਉਪਰੰਤ ਅਰਵਿੰਦ ਕੇਜਰੀਵਾਲ ਨੇ 2020 ਦੀਆਂ ਚੋਣਾਂ ਮੌਕੇ ਦਿੱਲੀ ਦੀ ਜਨਤਾ ਕੋਲੋਂ ਮੰਗੀਆਂ ਸਨ, ਕਿ ਜੇਕਰ ਕੇਜਰੀਵਾਲ ਸਰਕਾਰ ਨੇ ਕੰਮ ਕੀਤਾ ਤਾਂ ਵੋਟ ਦਿੱਤੀ ਜਾਵੇ, ਵਰਨਾ ਨਾ ਦਿੱਤੀ ਜਾਵੇ।

LEAVE A REPLY

Please enter your comment!
Please enter your name here