ਪੰਜਾਬ ਸਰਕਾਰ ਵੱਲੋਂ ਰੋਡਵੇਜ਼ ਦੇ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ 8 ਸਤੰਬਰ ਨੂੰ ਬੁਲਾਇਆ ਗਿਆ ਹੈ। ਇਸ ਮਗਰੋਂ ਅੱਜ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਮੁਲਤਵੀ ਕੀਤਾ ਗਿਆ ਹੈ। ਉਂਝ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖੀਆਂ। ਇਸ ਨਾਲ ਲੋਕਾਂ ਮੁਸ਼ਕਿਲਾਂ ਹੋ ਰਿਹਾ ਹਨ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੌਜਾਂ ਲੱਗੀਆਂ ਰਹੀਆਂ।
ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜ ਮੈਂਬਰੀ ਕਮੇਟੀ ਵਜੋਂ ਗੱਲਬਾਤ ਕਰਨ ਲਈ 8 ਸਤੰਬਰ ਨੂੰ ਅਕਾਸ਼ ਬਾਂਸਲ (ਆਈਏਐਸ) ਉਪ ਮੰਡਲ ਮੈਜਿਸਟਰੇਟ ਖਰੜ ਰਾਹੀਂ ਪੱਤਰ ਭੇਜਿਆ ਗਿਆ ਹੈ, ਜਿਸ ਵਿੱਚ ਪ੍ਰਮੁੱਖ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਸਵੇਰੇ 11 ਵਜੇ ਮੁੱਖ ਮੰਤਰੀ ਦੇ ਦਫ਼ਤਰ ਸਿਵਲ ਸਕੱਤਰੇਤ ਵਿਖੇ ਬੁਲਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਗੱਲਬਾਤ ਕਰਨ ਜਾਣਗੇ ਤੇ ਆਪਣੇ ਪੱਖ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਗੱਲਬਾਤ ਦਾ ਸੱਦਾ ਆਉਣ ਕਾਰਨ ਹੀ ਅੱਜ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਤੇ ਮੋਤੀ ਮਹਿਲ ਦੇ ਘਿਰਾਓ ਦਾ ਐਕਸ਼ਨ ਇੱਕ-ਦੋ ਦਿਨ ਲਈ ਮੁਲਤਵੀ ਕੀਤਾ ਗਿਆ ਹੈ।