ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਵਾਲੇ ਦੋਵੇਂ ਐਡਵਾਂਸ ਬੁੱਕਰ ਨੌਕਰੀ ਤੋਂ ਕੀਤੇ ਫ਼ਾਰਗ: ਲਾਲਜੀਤ ਸਿੰਘ ਭੁੱਲਰ

0
2508
case registered against advance bookers of government buses

ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਲੋਂ ਪੀ.ਆਰ.ਟੀ.ਸੀ. ਨੂੰ ਖੋਰਾ ਲਾ ਰਹੇ ਬਠਿੰਡਾ ਕਾਊਂਟਰ ਦੇ ਦੋ ਐਡਵਾਂਸ ਬੁੱਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਟਿਕਟ ਮਸ਼ੀਨਾਂ ਰਾਹੀਂ ਧੋਖਾਧੜੀ ਕਰਕੇ ਪੀ.ਆਰ.ਟੀ.ਸੀ. ਨੂੰ ਖੋਰਾ ਲਾ ਰਹੇ ਬਠਿੰਡਾ ਕਾਊਂਟਰ ਦੇ ਦੋ ਐਡਵਾਂਸ ਬੁੱਕਰਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।

ਵਿਭਾਗੀ ਜਾਂਚ ਦੌਰਾਨ ਇਕੱਲੇ ਮਈ ਮਹੀਨੇ ਦੇ ਪਹਿਲੇ ਪੰਜ ਦਿਨਾਂ ਦੀ ਪੜਤਾਲ ਵਿੱਚ ਦੋਵੇਂ ਮੁਲਾਜ਼ਮ 3 ਲੱਖ 32 ਹਜ਼ਾਰ 281 ਰੁਪਏ ਦਾ ਚੂਨਾ ਲਾਉਣ ਦੇ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ਵਿਰੁੱਧ ਬਠਿੰਡਾ ਪੁਲਿਸ ਵੱਲੋਂ ਪੀ.ਆਰ.ਟੀ.ਸੀ. ਦੀਆਂ ਟਿਕਟ ਮਸ਼ੀਨਾਂ ਦੀ ਦੁਰਵਰਤੋਂ ਕਰਨ, ਮਸ਼ੀਨਾਂ ਦੇ ਰਿਕਾਰਡ ਨਾਲ ਛੇੜਛਾੜ ਕਰਨ ਅਤੇ ਸਰਕਾਰੀ ਧਨ ਦੀ ਚੋਰੀ ਕਰਨ ਦੇ ਦੋਸ਼ ਤਹਿਤ ਭਾਰਤੀ ਦੰਡ ਵਿਧਾਨ ਦੀ ਧਾਰਾ 420 ਅਤੇ 409 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੰਤਰੀ ਨੇ ਦੱਸਿਆ ਕਿ ਐਡਵਾਂਸ ਬੁੱਕਰ ਰਾਮ ਸਿੰਘ ਵਾਸੀ ਪਿੰਡ ਭੈਣੀ (ਜ਼ਿਲ੍ਹਾ ਬਠਿੰਡਾ) ਅਤੇ ਸੁਖਪਾਲ ਸਿੰਘ ਵਾਸੀ ਪਿੰਡ ਪਥਰਾਲਾ (ਜ਼ਿਲ੍ਹਾ ਬਠਿੰਡਾ) ਪੀ.ਆਰ.ਟੀ.ਸੀ. ਵਿੱਚ ਕਮਿਸ਼ਨ ਆਧਾਰ ‘ਤੇ ਬੱਸਾਂ ਦੀ ਬੁਕਿੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਦਿਨਾਂ ਦੇ ਚੈਕ ਕੀਤੇ ਗਏ ਰਿਕਾਰਡ ਅਨੁਸਾਰ ਕੁੱਲ 3,32,281 ਰੁਪਏ ਦੀਆਂ ਟਿਕਟਾਂ ਦੋਵਾਂ ਬੁੱਕਰਾਂ ਵੱਲੋਂ ਸਵਾਰੀਆਂ ਨੂੰ ਜਾਰੀ ਕੀਤੀਆਂ ਗਈਆਂ ਪਰ ਟਿਕਟਾਂ ਦਾ ਬਣਦਾ ਕੈਸ਼ ਬਠਿੰਡਾ ਡਿਪੂ ਵਿੱਚ ਜਮ੍ਹਾਂ ਨਹੀਂ ਕਰਵਾਇਆ ਗਿਆ।

ਮੰਤਰੀ ਨੇ ਦੱਸਿਆ ਕਿ ਦੋਵਾਂ ਐਡਵਾਂਸ ਬੁੱਕਰਾਂ ਵੱਲੋਂ ਬਠਿੰਡਾ ਡਿਪੂ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਹੋਰਨਾਂ ਡਿਪੂਆਂ ਦੀਆਂ ਬੱਸਾਂ ਦੀ ਬੁਕਿੰਗ ਵੀ ਕੀਤੀ ਹੋ ਸਕਦੀ ਹੈ। ਇਸ ਲਈ ਪੀ.ਆਰ.ਟੀ.ਸੀ. ਦੇ ਬਠਿੰਡਾ ਡਿਪੂ ਤੋਂ 1 ਅਪ੍ਰੈਲ, 2021 ਤੋਂ ਲੈ ਕੇ 20 ਮਈ, 2022 ਤੱਕ ਹੋਈ ਐਡਵਾਂਸ ਟਿਕਟ ਬੁਕਿੰਗ ਦੀ ਘੋਖ ਕਰਨ ਲਈ ਜਾਂਚ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ, ਜੋ ਇਹ ਵੀ ਪਤਾ ਲਗਾਉਣਗੀਆਂ ਕਿ ਇਸ ਗ਼ੈਰ-ਕਾਨੂੰਨੀ ਧੰਦੇ ਵਿੱਚ ਕਿਹੜੇ-ਕਿਹੜੇ ਮੁਲਾਜ਼ਮ ਸ਼ਾਮਲ ਹਨ। ਇਸ ਦੇ ਨਾਲ-ਨਾਲ ਸਮੂਹ ਡਿਪੂਆਂ ਤੋਂ ਵੀ 1 ਅਪ੍ਰੈਲ, 2021 ਤੋਂ 20 ਮਈ, 2022 ਤੱਕ ਦੋਸ਼ੀ ਮੁਲਾਜ਼ਮਾਂ ਦੀਆਂ ਟਿਕਟ ਮਸ਼ੀਨਾਂ ਰਾਹੀਂ ਜਾਰੀ ਕੀਤੀਆਂ ਗਈਆਂ ਟਿਕਟਾਂ ਦਾ ਰਿਕਾਰਡ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਪੀ.ਆਰ.ਟੀ.ਸੀ. ਦੇ ਪਟਿਆਲਾ, ਚੰਡੀਗੜ੍ਹ, ਬਠਿੰਡਾ, ਫ਼ਰੀਦਕੋਟ, ਸੰਗਰੂਰ, ਬਰਨਾਲਾ, ਬੁਢਲਾਡਾ, ਲੁਧਿਆਣਾ ਅਤੇ ਕਪੂਰਥਲਾ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਲਿਖਿਆ ਗਿਆ ਹੈ ਕਿ ਉਹ ਐਡਵਾਂਸ ਬੁਕਿੰਗ ਏਜੰਟਾਂ ਵੱਲੋਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਦੀ ਕੀਤੀ ਜਾਂਦੀ ਐਡਵਾਂਸ ਬੁਕਿੰਗ ਦਾ ਮਿਲਾਨ ਕਰਨਾ ਯਕੀਨੀ ਬਣਾਉਣ।

ਇਸੇ ਤਰ੍ਹਾਂ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਮੁੱਖ ਦਫ਼ਤਰ ਪੱਧਰ ‘ਤੇ ਆਪਰੇਸ਼ਨ ਸਾਖਾ ਵਿਖੇ ਵੀ ਐਡਵਾਂਸ ਬੁੱਕਰਾਂ ਵੱਲੋਂ ਪੀ.ਆਰ.ਟੀ.ਸੀ. ਦੇ ਵੱਖ-ਵੱਖ ਡਿਪੂਆਂ ਦੀਆਂ ਬੱਸਾਂ ਦੀ ਕੀਤੀ ਗਈ ਬੁਕਿੰਗ ਦਾ ਮਿਲਾਨ ਹਰ ਮਹੀਨੇ ਦੀ 10 ਤਰੀਕ ਨੂੰ ਕਰਨਾ ਯਕੀਨੀ ਬਣਾਇਆ ਜਾਵੇ।

LEAVE A REPLY

Please enter your comment!
Please enter your name here