ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ’ਤੇ ਜਲੰਧਰ ਵਿਖੇ ਖੋਲ੍ਹੇਗੀ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ-ਬੀਬੀ ਜਗੀਰ ਕੌਰ

0
41

ਚੌਥੇ ਪਾਤਸ਼ਾਹ ਜੀ ਦੇ 487ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਐਲਾਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿਖੇ ਹਰ ਪੱਧਰ ਦੀਆਂ ਸੇਵਾਵਾਂ ਵਾਲਾ (ਸੁਪਰ ਸਪੈਸ਼ਲਿਟੀ) ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਹੈ। ਚੌਥੇ ਪਾਤਸ਼ਾਹ ਜੀ ਦੇ 22 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮਾਗਮਾਂ ਦੀ ਰੂਪ-ਰੇਖਾ ਸਾਂਝੀ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਜਲੰਧਰ ਵਿਖੇ ਬੇਹਤਰ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਿਆ ਜਾਵੇਗਾ। ਇਸ ਲਈ ਗੁਰੂ ਘਰ ਦੇ ਇੱਕ ਸ਼ਰਧਾਲੂ ਸ. ਜੋਗਿੰਦਰ ਸਿੰਘ ਵੱਲੋਂ 26 ਕਨਾਲ ਦਾਨ ਕੀਤੀ ਗਈ ਜ਼ਮੀਨ ਦੀ ਵਰਤੋਂ ਕੀਤੀ ਜਾਵੇਗੀ। ਇਸ ਹਸਪਤਾਲ ਦਾ ਨਿਰਮਾਣ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ।

ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਨਜ਼ਦੀਕ ਸਸਤੀਆਂ ਦਵਾਈਆਂ ਵਾਲਾ ਦਵਾਖ਼ਾਨਾ ਵੀ ਲਗਭਗ ਤਿਆਰ ਹੋ ਚੁੱਕਾ ਹੈ, ਜੋ ਚੌਥੇ ਪਾਤਸ਼ਾਹ ਜੀ ਦੇ ਇਸ 487ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਜਲਦ ਹੀ ਸੰਗਤ ਅਰਪਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਤਰਨ ਤਾਰਨ ਵਿਖੇ ਬੀਤੇ ਸਮੇਂ ਵਿਚ ਤਿਆਰ ਕੀਤੇ ਗਏ ਵਿਸ਼ਾਲ ਹਸਪਤਾਲ ਨੂੰ ਵੀ ਚਾਲੂ ਕਰਨ ਦਾ ਐਲਾਨ ਕੀਤਾ।ਇਸ ਦੌਰਾਨ ਪ੍ਰਕਾਸ਼ ਗੁਰਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਬਾਰੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਥੇ 22 ਅਕਤੂਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਪ੍ਰਕਾਸ਼ ਗੁਰਪੁਰਬ ਮਨਾਇਆ ਜਾਵੇਗਾ, ਉਥੇ ਹੀ 21 ਅਕਤੂਬਰ ਨੂੰ ਸਜਾਇਆ ਜਾਣ ਵਾਲਾ ਨਗਰ ਕੀਰਤਨ ਵੀ ਵਿਸ਼ੇਸ਼ ਹੋਵੇਗਾ।

ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਕੇ ਪੁਰਾਤਨ ਸ਼ਹਿਰ ਦੇ ਬਾਹਰੀ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਵਿਖੇ ਸੰਪੰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਅਕਤੂਬਰ ਦੀ ਰਾਤ ਸਮੇਂ ਰਾਗ ਦਰਬਾਰ ਅਤੇ ਪੜਤਾਲ ਸ਼ਬਦ ਗਾਇਨ ਕੀਰਤਨ ਸਮਾਗਮ ਹੋਵੇਗਾ। ਪ੍ਰਕਾਸ਼ ਪੁਰਬ ਵਾਲੇ ਦਿਨ 22 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਸੱਜਣਗੇ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਾਲ ਸਮਾਗਮ ਕੀਤੇ ਜਾਣਗੇ। ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਚਲਾਈ ਜਾਵੇਗੀ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸ਼ਹਿਰ ਅੰਦਰ 16 ਸਤੰਬਰ ਤੋਂ ਵੱਖ-ਵੱਖ ਗੁਰੂ ਘਰਾਂ ਵਿਖੇ ਗੁਰਮਤਿ ਸਮਾਗਮਾਂ ਦੀ ਲੜੀ ਚੱਲ ਰਹੀ ਹੈ ਅਤੇ ਸਕੂਲੀ ਬੱਚਿਆਂ ਦੇ ਵੱਖ-ਵੱਖ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ ਹਨ। ਮੁਕਾਬਲਿਆਂ ਦੌਰਾਨ ਅਵਲ ਆਏ ਬੱਚਿਆਂ ਨੂੰ ਗੁਰਪੁਰਬ ਵਾਲੇ ਦਿਨ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਿਮਰਜੀਤ ਸਿੰਘ ਕੰਗ, ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਕਾਰਜ ਸਿੰਘ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here