ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ’ਤੇ ਹੋਇਆ ਭਰਵਾਂ ਸਵਾਗਤ

0
101

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚੋਣ ਉਪਰੰਤ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਆਰੰਭਕ ਸਮੇਂ ਦੌਰਾਨ ਪ੍ਰਧਾਨ ਰਹੀਆਂ ਸਿੱਖ ਪੰਥ ਦੀਆਂ ਅਹਿਮ ਸ਼ਖ਼ਸੀਅਤਾਂ ਕੌਮੀ ਸੇਵਾ ਲਈ ਮਾਰਗ-ਦਰਸ਼ਨ ਕਰਦੀਆਂ ਹਨ ਅਤੇ ਉਹ ਯਤਨ ਕਰਨਗੇ ਕਿ ਸਿੱਖ ਸੰਸਥਾ ਦੀ ਸੇਵਾ ਇਸ ਦੇ ਸੁਨਹਿਰੇ ਇਤਿਹਾਸ ਅਤੇ ਰਵਾਇਤਾਂ ਦੀ ਸੇਧ ਵਿਚ ਕਰ ਸਕਣ।

ਉਨ੍ਹਾਂ ਕਿਹਾ ਕਿ ਕੌਮ ਦੀ ਇਸ ਮਹਾਨ ਜ਼ੁੰਮੇਵਾਰੀ ਦੀ ਖੁਸ਼ੀ ਤੋਂ ਜ਼ਿਆਦਾ ਵੱਡੀ ਚਿੰਤਾ ਕੌਮੀ ਸੇਵਾ ਨਿਭਾਉਂਦਿਆਂ ਖਰਾ ਉਤਰਨ ਦੀ ਹੈ। ਕਿਉਂਕਿ ਵਰਤਮਾਨ ਸਮੇਂ ਦੀਆਂ ਤਰਜੀਹਾਂ ਪਹਿਲਾਂ ਨਾਲੋਂ ਵੱਖਰੀਆਂ ਹਨ ਅਤੇ ਕੌਮ ਦੀ ਆਸਾਂ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਜਥੇਬੰਦੀ ਹੈ, ਜਿਸ ਦਾ 101 ਸਾਲ ਦਾ ਸੁਨਹਿਰੀ ਇਤਿਹਾਸ ਹੈ। ਇਸ ਸਦੀ ਦੌਰਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਉਹ ਸ਼ਖ਼ਸੀਅਤਾਂ ਵੀ ਕਰਦੀਆਂ ਰਹੀਆਂ, ਜੋ ਤਿਆਗੀ ਸੁਭਾਅ ਦੀਆਂ ਸਨ। ਭਾਵੇਂ ਕਿ ਮੌਜੂਦਾ ਹਾਲਾਤ ਇਸ ਦੀ ਸਥਾਪਨਾ ਦੇ ਸਮੇਂ ਤੋਂ ਵੱਖਰੇ ਹਨ, ਪਰ ਪੁਰਾਤਨ ਸ਼ਖ਼ਸੀਅਤਾਂ ਨੂੰ ਆਦਰਸ਼ ਮੰਨ ਕੇ ਅੱਜ ਵੀ ਬੇਹਤਰ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬਾਨ ਦੇ ਸੁਚਾਰੂ ਪ੍ਰਬੰਧ ਦੇ ਨਾਲ-ਨਾਲ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਯਤਨ ਕੀਤਾ ਹੈ ਅਤੇ ਸਮਾਜਿਕ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਭਵਿੱਖ ਵਿਚ ਵੀ ਇਨ੍ਹਾਂ ਸਾਰੇ ਖੇਤਰਾਂ ਵਿਚ ਸਰਗਰਮ ਤੌਰ ’ਤੇ ਅੱਗੇ ਵਧਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿਚ ਹਰ ਸਿੱਖ ਜਥੇਬੰਦੀ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਸੰਵਾਦ ਦਾ ਸਮਾਂ ਹੈ ਅਤੇ ਸਿੱਖ ਨੌਜੁਆਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵਿਚਾਰ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜਣ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਜਿੰਦਰ ਸਿੰਘ ਮਹਿਤਾ, ਸਾਬਕਾ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਵੇਂ ਚੁਣੇ ਗਏ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਸਾਬਕਾ ਸਕੱਤਰ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਸਕੱਤਰ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਮੀਤ ਸਿੰਘ ਬੁੱਟਰ, ਸ. ਮੁਖਤਾਰ ਸਿੰਘ, ਸ. ਸੁਖਬੀਰ ਸਿੰਘ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਨਿਰਵੈਲ ਸਿੰਘ, ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ, ਗਿਆਨੀ ਜਸਵੰਤ ਸਿੰਘ ਕਥਾਵਾਚਕ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here