ਸ਼੍ਰੀਲੰਕਾ ‘ਚ ਆਰਥਿਕ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸ਼੍ਰੀਲੰਕਾ ‘ਚ ਐਮਰਜੈਂਸੀ ਵੀ ਲਾਗੂ ਕੀਤੀ ਗਈ ਸੀ। ਜਿਸਨੂੰ ਰਾਸ਼ਟਰਪਤੀ ਨੇ 5 ਅਪ੍ਰੈਲ ਨੂੰ ਹਟਾ ਦਿੱਤਾ ਸੀ ਪਰ ਆਰਥਿਕ ਸਥਿਤੀ ਅਜੇ ਸਹੀ ਨਹੀਂ ਹੈ। ਸ਼੍ਰੀਲੰਕਾ ‘ਚ ਵਧਦੇ ਆਰਥਿਕ ਅਤੇ ਸਿਆਸੀ ਸੰਕਟ ਦਰਮਿਆਨ ਭਾਰਤ ਨੇ ਸ਼੍ਰੀਲੰਕਾ ਨੂੰ ਪੈਟਰੋਲ ਅਤੇ ਡੀਜ਼ਲ ਦੀ ਖੇਪ ਉਪਲੱਬਧ ਕਰਾਈ ਹੈ। ਸ਼੍ਰੀਲੰਕਾ ਵਿਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਭਾਰਤੀ ਦੂਤਘਰ ਨੇ ਕਿਹਾ, ‘ਪਿਛਲੇ 24 ਘੰਟਿਆਂ ਵਿਚ ਸ੍ਰੀਲੰਕਾ ਨੂੰ 36,000 ਮੀਟ੍ਰਿਕ ਟਨ ਪੈਟਰੋਲ ਅਤੇ 40,000 ਮੀਟ੍ਰਿਕ ਟਨ ਡੀਜ਼ਲ ਦੀ ਇਕ-ਇਕ ਖੇਪ ਪਹੁੰਚਾਈ ਗਈ ਹੈ। ਇਸ ਨੇ ਨਾਲ ਹੀ ਭਾਰਤੀ ਮਦਦ ਤਹਿਤ ਵੱਖ-ਵੱਖ ਕਿਸਮਾਂ ਦੇ ਤੇਲ ਦੀ ਕੁੱਲ ਸਪਲਾਈ ਹੁਣ ਤੱਕ 270,000 ਮੀਟ੍ਰਿਕ ਟਨ ਤੋਂ ਜ਼ਿਆਦਾ ਹੋ ਗਈ ਹੈ।’
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ, ‘ਸਾਡਾ ਮੰਨਣਾ ਹੈ, ਗੁਆਂਢ ਪਹਿਲਾਂ।’ ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਤੇਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਅਤੇ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਕਾਰਨ ਵੱਡੇ ਪੈਮਾਨੇ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।