ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਰੁਣਾਚਲ ਪ੍ਰਦੇਸ਼ ਦੇ ਨੇੜੇ ਸਥਿਤ ਰਣਨੀਤਕ ਤੌਰ ‘ਤੇ ਮਹੱਤਵਪੂਰਨ ਤਿੱਬਤੀ ਸਰਹੱਦੀ ਸ਼ਹਿਰ ਨਿੰਯਗਚੀ ਦਾ ਦੌਰਾ ਕੀਤਾ। ਸ਼ੀ ਜਿਨਪਿੰਗ ਚੀਨ ਦੇ ਅਜਿਹੇ ਪਹਿਲਾਂ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਤਿੱਬਤ ਦਾ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਨਵੀਂ ਅਤੇ ਰਣਨੀਤੀਕ ਰੂਪ ਨਾਲ ਮਹੱਤਵਪੂਰਨ ਰੇਲਵੇ ਲਾਈਨ ਦਾ ਜਾਇਜ਼ਾ ਲਿਆ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਸ਼ੀ ਬੁੱਧਵਾਰ ਨੂੰ ਨਿੰਯਗਚੀ ਮੇਨਲਿੰਗ ਹਵਾਈ ਅੱਡੇ ਪਹੁੰਚੇ, ਜਿੱਥੇ ਸਥਾਨਕ ਲੋਕਾਂ ਤੇ ਵਿਭਿੰਨ ਨਸਲੀ ਸਮੂਹਾਂ ਦੇ ਅਧਿਕਾਰੀਆਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸਾਲ 2011 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਹ ਸ਼ੀ ਜਿਨਪਿੰਗ ਦਾ ਪਹਿਲਾ ਤਿੱਬਤ ਦੌਰਾ ਹੈ।
ਇਸ ਮਗਰੋਂ ਬ੍ਰਹਮਪੁੱਤਰ ਨਦੀ ਘਾਟੀ ਵਿਚ ਵਾਤਾਵਰਣ ਦੀ ਸੁਰੱਖਿਆ ਦਾ ਨਿਰੀਖਣ ਕਰਨ ਲਈ ਉਹ ‘ਨਿਯਾਂਗ ਰੀਵਰ ਬ੍ਰਿਜ’ ਗਏ ਜਿਸ ਨੂੰ ਤਿੱਬਤੀ ਭਾਸ਼ਾ ਵਿਚ ‘ਯਾਰਲੰਗ ਜੰਗੋ’ ਕਿਹਾ ਜਾਂਦਾ ਹੈ. ਨਿੰਯਗਚੀ, ਤਿੱਬਤ ਵਿਚ ਇਕ ਸੂਬਾ ਪੱਧਰ ਦਾ ਸ਼ਹਿਰ ਜੋ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਿਆ ਹੋਇਆ ਹੈ।ਚੀਨ, ਅਰੁਣਾਚਲ ਪ੍ਰਦੇਸ਼ ਨੂੰ ਦੱਖਣ ਤਿੱਬਤ ਦਾ ਹਿੱਸਾ ਦੱਸਦਾ ਹੈ, ਜਿਸ ਦਾਅਵੇ ਨੂੰ ਭਾਰਤ ਨੇ ਹਮੇਸ਼ਾ ਦ੍ਰਿੜ੍ਹਤਾ ਨਾਲ ਖਾਰਿਜ ਕੀਤਾ ਹੈ। ਭਾਰਤ-ਚੀਨ ਵਿਚਾਲੇ 3,488 ਕਿਲੋਮੀਟਰ ਦੀ ਵਾਸਤਵਿਕ ਕੰਟਰੋਲ ਰੇਖਾ (ਐੱਲ.ਏ.ਸੀ.) ‘ਤੇ ਸਰਹੱਦੀ ਵਿਵਾਦ ਹੈ।
ਚੀਨ ਦੇ ਕਈ ਨੇਤਾ ਸਮੇਂ-ਸਮੇਂ ‘ਤੇ ਤਿੱਬਤ ਜਾਂਦੇ ਹਨ ਪਰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਸ਼ਕਤੀਸ਼ਾਲੀ ਕੇਂਦਰੀ ਮਿਲਟਰੀ ਕਮਿਸ਼ਨ (ਚੀਨੀ ਸੈਨਾ ਦੀ ਸਮੁੱਚੀ ਹਾਈ ਕਮਾਂਡ) ਦੇ ਪ੍ਰਮੁੱਖ ਸ਼ੀ ਹਾਲ ਦੇ ਸਾਲਾਂ ਵਿਚ ਤਿੱਬਤ ਦੇ ਸਰਹੱਦੀ ਸ਼ਹਿਰ ਦਾ ਦੌਰਾ ਕਰਨ ਵਾਲੇ ਸੰਭਵ ਤੌਰ ‘ਤੇ ਪਹਿਲੇ ਸੀਨੀਅਰ ਨੇਤਾ ਹਨ।
ਨਿੰਯਗਚੀ, ਜੂਨ ਵਿਚ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਚੀਨ ਨੇ ਤਿੱਬਤ ਵਿਚ ਆਪਣੀ ਪਹਿਲੀ ਬੁਲੇਟ ਟਰੇਨ ਦਾ ਪੂਰੀ ਤਰ੍ਹਾਂ ਨਾਲ ਸੰਚਾਲਨ ਸ਼ੁਰੂ ਕੀਤਾ ਸੀ।ਇਹ ਟ੍ਰੇਨ ਤਿੱਬਤ ਦੀ ਸੂਬਾਈ ਰਾਜਧਾਨੀ ਲਹਾਸਾ ਨੂੰ ਨਿੰਯਗਚੀ ਨਾਲ ਜੋੜਦੀ ਹੈ।