ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਸ੍ਰੀਲੰਕਾ ‘ਚ ਲੋਕ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਐਮਰਜੈਂਸੀ ਸ਼ੁੱਕਰਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ। ਸ਼੍ਰੀਲੰਕਾ ‘ਚ ਲੋਕ ਲਗਾਤਾਰ ਸੜਕਾਂ ‘ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।
ਮੀਡੀਆ ਡਿਵੀਜ਼ਨ ਮੁਤਾਬਕ ਰਾਜਪਕਸ਼ੇ ਦਾ ਫੈਸਲਾ ਦੇਸ਼ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜਨਤਾ ਅਤੇ ਜ਼ਰੂਰੀ ਸੇਵਾਵਾਂ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਹੈ।
ਰਾਜਪਕਸ਼ੇ ਨੇ ਵੀ 1 ਅਪ੍ਰੈਲ ਨੂੰ ਆਪਣੀ ਨਿੱਜੀ ਰਿਹਾਇਸ਼ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਨੂੰ 5 ਅਪ੍ਰੈਲ ਨੂੰ ਵਾਪਸ ਲੈ ਲਿਆ ਗਿਆ ਸੀ। ਹੁਣ ਇੱਕ ਵਾਰ ਫਿਰ ਰਾਸ਼ਟਰਪਤੀ ਨੇ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ।
ਐਮਰਜੈਂਸੀ ਦੇ ਤਹਿਤ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਮਨਮਾਨੇ ਢੰਗ ਨਾਲ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਅਤੇ ਨਜ਼ਰਬੰਦ ਕਰਨ ਦੀ ਸ਼ਕਤੀ ਮਿਲਦੀ ਹੈ।
ਸ਼੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਨੇ ਹਾਲ ਹੀ ‘ਚ ਸਰਕਾਰ ਅਤੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਜਦੋਂ ਦੇਸ਼ ਆਪਣੇ ਸਭ ਤੋਂ ਮਾੜੇ ਆਰਥਿਕ ਦੌਰ ਵਿੱਚੋਂ ਲੰਘ ਰਿਹਾ ਹੈ, ਰਾਜਪਕਸ਼ੇ ਨੇ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਮੁੱਖ ਵਿਰੋਧੀ ਪਾਰਟੀ, ਸਾਮਗੀ ਜਨ ਬਲਵੇਗਯਾ (SJB), ਨੇ SLPP ਗੱਠਜੋੜ ਸਰਕਾਰ ਦੇ ਖਿਲਾਫ ਸੰਸਦ ਦੇ ਸਪੀਕਰ, ਮਹਿੰਦਾ ਯਾਪਾ ਅਭਯਵਰਧਨਾ ਨੂੰ ਦੋ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤੇ।