ਵਿਸਾਖੀ ਮਨਾਉਣ ਲਈ 705 ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਤੋਂ ਰਵਾਨਾ ਹੋਇਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ, ਜੱਥਾ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਵੇਈਂਪੁਈ, ਉਪ ਜੱਥਾ ਆਗੂ ਕਰ ਰਹੇ ਸਨ।
ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਦਾਖਲ ਹੋਵੇਗਾ ਤੇ ਵੱਖ- ਵੱਖ ਗੁਰਧਾਮ ਪੰਜਾ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਸਾਹਿਬ ਸਮੇਤ ਬਾਕੀ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਕੇ 21 ਅਪ੍ਰੈਲ ਨੂੰ ਭਾਰਤ ਪਰਤੇਗਾ।
ਪੂਰੇ ਭਾਰਤ ‘ਚੋਂ 2200 ਦੇ ਕਰੀਬ ਸ਼ਰਧਾਲੂ ਅੱਜ ਪਾਕਿਸਤਾਨ ਲਈ ਰਵਾਨਾ ਹੋ ਰਹੇ ਹਨ ਜਿਨਾਂ ‘ਚ 705 ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾ ਰਹੇ ਹਨ ਜਦਕਿ ਬਾਕੀ ਸ਼ਰਧਾਲੂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਗੁਰਦੁਆਰਾ ਕਮੇਟੀਆਂ ਨੂੰ ਜਾਰੀ ਹੁੰਦੇ ਵੀਜਿਆਂ ਰਾਹੀਂ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਜੱਥਾ ਆਗੂ ਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਪਾਕਿਸਤਾਨ ਸਰਕਾਰ ਦੇ ਨੁਮਾਇੰਦਿਆਂ ਅੱਗੇ ਇਹ ਮਸਲਾ ਉਠਾਉਣਗੇ ਕਿ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਵੀਜਾ ਜਾਰੀ ਕਰੇ। ਜਦਕਿ ਜਥੇ ‘ਚ ਪਾਕਿਸਤਾਨ ਜਾ ਰਹੇ ਸ਼ਰਧਾਲੂਆਂ ਨੇ ਵੀ ਗੁਰਧਾਮਾਂ ਦੇ ਦਰਸ਼ਨਾਂ ਦਾ ਸੁਭਾਗਾ ਮੌਕਾ ਮਿਲਣ ‘ਤੇ ਖੁਸ਼ੀ ਜਾਹਿਰ ਕੀਤੀ।