ਪੰਜਾਬ ਵਿਧਾਨ ਸਭਾ ਸਦਨ ਦਾ ਇਜਲਾਸ ਸਵੇਰੇ 11.00 ਵਜੇ ਸ਼ੁਰੂ ਹੋਇਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਪੀਕਰ ਦੇ ਅਹੁਦੇ ਲਈ ਕੁਲਤਾਰ ਸੰਧਵਾਂ ਦਾ ਨਾਂ ਪੇਸ਼ ਕੀਤਾ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਤਾਈਦ ਕੀਤੀ। ਕੁਲਤਾਰ ਸੰਧਵਾਂ ਸਰਬ ਸੰਮਤੀ ਨਾਲ ਸਪੀਕਰ ਚੁਣੇ ਗਏ। ਸੰਧਵਾਂ ਨੇ ਸਪੀਕਰ ਦਾ ਅਹੁਦਾ ਸੰਭਾਲਿਆ। ਇਸ ਤੋਂ ਬਾਅਦ ਰਾਜਪਾਲ ਦੁਪਹਿਰ 2 ਵਜੇ ਦੇ ਕਰੀਬ ਸਭਾ ਨੂੰ ਸੰਬੋਧਨ ਕਰਨਗੇ। 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਤੇ ਆਖਰੀ ਦਿਨ ਹੈ ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਹੋਵੇਗੀ।
ਇਸ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਵਿਧਾਨ ਸਭਾ ਦੀ ਕਾਰਵਾਈ ਦਾ ਹਮੇਸ਼ਾ ਸਿੱਧਾ ਪ੍ਰਸਾਰਣ ਹੋਇਆ ਕਰੇਗਾ।
ਜਾਣਕਾਰੀ ਅਨੁਸਾਰ ਆਪ ਪਾਰਟੀ ਦੇ ਰਾਘਵ ਚੱਢਾ ,ਹਰਭਜਨ ਸਿੰਘ, ਸੰਦੀਪ ਪਾਠਕ,ਸੰਜੀਵ ਅਰੋੜਾ ਤੇ ਅਸ਼ੋਕ ਮਿੱਤਲ 5 ਨਾਵਾਂ ਦੀ ਚੋਣ ਰਾਜ ਸਭਾ ਲਈ ਹੋਈ ਹੈ। ਇਹ ਉਮੀਦਵਾਰ ਅੱਜ ਨਾਮਜ਼ਦਗੀ ਭਰਨਗੇ।
ਸੰਦੀਪ ਪਾਠਕ ਨੇ ਦਿੱਲੀ ਵਿਚ 2020 ਅਤੇ ਫਿਰ ਪੰਜਾਬ ਵਿਚ 2022 ਦੀਆਂ ਚੋਣਾਂ ਵਿਚ ਪਰਦੇ ਪਿੱਛੇ ਰਹਿ ਕੇ ਅਹਿਮ ਭੂਮਿਕਾ ਨਿਭਾਈ ਸੀ। ਕ੍ਰਿਕਟਰ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ, ਜਦਕਿ ਰਾਘਵ ਚੱਢਾ ਪੰਜਾਬ ਦੇ ਸਹਿ ਇੰਚਾਰਜ ਹਨ ਅਤੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੋਹਰੀ ਅਤੇ ਅਹਿਮ ਭੂਮਿਕਾ ਨਿਭਾਈ। ਸੂਤਰਾਂ ਮੁਤਾਬਕ ਮਾਨ ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਕਮਾਨ ਸੌਂਪ ਸਕਦੇ ਹਨ।