ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਬੇਸ਼ੱਕ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਰ ਦੀ ਜ਼ਿੰਮੇਵਾਰੀ ਨਾ ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਨਾ ਦਿੱਤਾ ਹੋਵੇ ਪਰ ਪਾਰਟੀ ਜਲਦੀ ਹੀ ਉਨ੍ਹਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਜਿਸ ਤਰ੍ਹਾਂ ਨਾਲ ਸਿੱਧੂ ਖ਼ਿਲਾਫ਼ ਆਵਾਜ਼ਾਂ ਉੱਠੀਆਂ ਉਸ ਤੋਂ ਇਸ ਗੱਲ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਕਾਂਗਰਸ ਦੀ ਹਾਰ ਲਈ ਰੀਵਿਊ ਮੀਟਿੰਗ ਕਰਨ ਜਾ ਰਹੇ ਹਨ। ਇਸਦੇ ਲਈ ਉਨ੍ਹਾਂ ਨੇ ਮਾਲਵਾ ਦੇ ਉਮੀਦਵਾਰਾਂ ਦੀ ਬੈਠਕ ਬੁਲਾ ਲਈ ਹੈ। ਇਸ ਮੀਟਿੰਗ ਲਈ ਚਰਨਜੀਤ ਚੰਨੀ,ਨਵਜੋਤ ਸਿੱਧੂ ਸਮੇਤ ਕਈ ਕਾਂਗਰਸੀ ਉਮੀਦਵਾਰ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਪਹੁੰਚ ਗਏ ਹਨ। ਕੁੱਝ ਦੇਰ ਬਾਅਦ ਮੀਟਿੰਗ ਸ਼ੁਰੂ ਹੋ ਜਾਵੇਗੀ।
ਕਾਂਗਰਸ ਨੇ ਬੈਠਕ ਮਾਲਵਾ-1 ਤੇ ਮਾਲਵਾ-2 ਜ਼ੋਨ ’ਚ ਵੰਡ ਕੇ ਬੁਲਾਈ ਹੈ। ਮਾਲਵਾ ਅਜਿਹਾ ਜ਼ੋਨ ਰਿਹਾ ਜਿੱਥੇ ਕਾਂਗਰਸ ਨੂੰ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 2017 ’ਚ ਕਾਂਗਰਸ ਨੇ ਮਾਲਵਾ ’ਚ 40 ਸੀਟਾਂ ਜਿੱਤੀਆਂ ਸਨ। ਜਦਕਿ ਇਸ ਵਾਰ ਪਾਰਟੀ ਇੱਥੇ ਸਿਰਫ਼ 2 ਸੀਟਾਂ ’ਤੇ ਹੀ ਸਿਮਟ ਗਈ।
ਜਾਣਕਾਰੀ ਮੁਤਾਬਕ ਇਸ ਬੈਠਕ ’ਚ ਸੂਬਾ ਇੰਚਾਰਜ ਉਮੀਦਵਾਰਾਂ ਨਾਲ ਹਾਰ ਦੇ ਕਾਰਨਾਂ ’ਤੇ ਗੱਲਬਾਤ ਕਰਨਗੇ। ਯਕੀਨੀ ਤੌਰ ’ਤੇ ਕਾਂਗਰਸ ’ਚ ਇਹ ਆਵਾਜ਼ ਉੱਠ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਆਪਸੀ ਖਿੱਚਤਾਣ ’ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ। ਅਹਿਮ ਪਹਿਲੂ ਇਹ ਹੈ ਕਿ ਜਿੰਨੀ ਆਵਾਜ਼ ਸਿੱਧੂ ਦੇ ਖ਼ਿਲਾਫ਼ ਉੱਠ ਰਹੀ ਹੈ ਓਨੀ ਹੀ ਚਰਨਜੀਤ ਚੰਨੀ ਦੇ ਖ਼ਿਲਾਫ਼ ਵੀ ਉੱਠੀ ਹੈ।









