ਸੰਯੁਕਤ ਅਰਬ ਅਮੀਰਾਤ ਜਾ ਕੇ ਕੰਮ ਕਰਨ ਦੇ ਚਾਹਵਾਨ ਭਾਰਤ ਵਾਸੀਆਂ ਲਈ ਚੰਗੀ ਖ਼ਬਰ ਹੈ। ਯੂ.ਏ.ਈ. ਨੇ ਇੱਕ ਨਵੇਂ ਤਰ੍ਹਾਂ ਦਾ ਵੀਜ਼ਾ ਲਾਂਚ ਕੀਤਾ ਹੈ। ਇਸ ਨੂੰ ‘ਗ੍ਰੀਨ ਵੀਜ਼ਾ’ ਕਿਹਾ ਜਾ ਰਿਹਾ ਹੈ। ਇਹ ਕਿਸੇ ਮਾਲਕ ਵੱਲੋਂ ਸਪਾਂਸਰ ਕੀਤੇ ਬਿਨਾਂ ਪ੍ਰਵਾਸੀਆਂ ਨੂੰ ਯੂ.ਏ.ਈ. ਵਿਚ ਕੰਮ ਲਈ ਅਰਜ਼ੀ ਕਰਨ ਦੀ ਆਗਿਆ ਦੇਵੇਗਾ।
ਖ਼ਬਰਾਂ ਅਨੁਸਾਰ ਇਹ ਕਦਮ ਨਿਵੇਸ਼ਕਾਂ ਅਤੇ ਬਹੁਤ ਕੁਸ਼ਲ ਕਾਮਿਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਗ੍ਰੈਜੁਏਟਸ ਨੂੰ ਆਕਰਸ਼ਿਤ ਕਰਨ ਲਈ ਚੁੱਕਿਆ ਗਿਆ ਹੈ। ਗ੍ਰੀਨ ਵੀਜ਼ਾ ਧਾਰਕ ਦੀ ਪਰਮਿਟ ‘ਤੇ ਉਸ ਦੇ ਮਾਤਾ-ਪਿਤਾ ਅਤੇ 25 ਸਾਲ ਦੀ ਉਮਰ ਤੱਕ ਦੇ ਬੱਚੇ ਵੀ ਯੂ.ਏ.ਈ. ਦੀ ਯਾਤਰਾ ਕਰ ਪਾਉਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਦਮ ਹੁਨਰ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਦੇ ਵਿਕਾਸ ਵਿਚ ਵਾਧੇ ਲਈ ਚੁੱਕੇ ਜਾ ਰਹੇ ਹਨ।
ਯੂ.ਏ.ਈ. ਸਰਕਾਰ ਆਪਣੀ ਨੌਕਰੀ ਗਵਾ ਚੁੱਕੇ ਲੋਕਾਂ ਨੂੰ 6 ਮਹੀਨੇ ਤੱਕ ਯੂ.ਏ.ਈ. ਵਿਚ ਰਹਿਣ ਦੀ ਆਗਿਆ ਦੇਵੇਗੀ ਜੋ ਉਤਸ਼ਾਹਿਤ ਕਰਨ ਦੇਣ ਦਾ ਇਕ ਢੰਗ ਹੈ ਕਿਉਂਕਿ ਜ਼ਿਆਦਾਤਰ ਵੀਜ਼ੇ ਦਾ ਸੰਬੰਧ ਰੁਜ਼ਗਾਰ ਨਾਲ ਹੈ। ਇਸ ਨਾਲ 15 ਸਾਲ ਤੋਂ ਵੱਧ ਉਮਰ ਦੇ ਅਸਥਾਈ ਕਾਮਿਆਂ ਨੂੰ ਕੰਮ ‘ਤੇ ਰੱਖਿਆ ਜਾ ਸਕੇਗਾ ਅਤੇ ਰੁਜ਼ਗਾਰ ਦੇ ਬਾਜ਼ਾਰ ਵਿਚ ਛਾਈ ਮੰਦੀ ਨੂੰ ਦੂਰ ਕੀਤਾ ਜਾ ਸਕੇਗਾ। ਵਿਦੇਸ਼ੀ ਵਸਨੀਕ ਯੂ.ਏ.ਈ. ਦਾ ਆਬਾਦੀ ਦਾ 80 ਫੀਸਦੀ ਹਿੱਸਾ ਹਨ ਅਤੇ ਪਿਛਲੇ ਕੁੱਝ ਦਹਾਕਿਆਂ ਤੋਂ ਦੇਸ਼ ਦੀ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ।
ਯੂ.ਏ.ਈ. ਦੇ ਅਧਿਕਾਰੀਆਂ ਨੇ 30 ਅਗਸਤ ਤੋਂ ਸਾਰੇ ਵੈਕਸੀਨ ਲਗਵਾ ਚੁੱਕੇ ਸੈਲਾਨੀਆਂ ਨੂੰ ਟੂਰਿਸਟ ਵੀਜ਼ਾ ਮੁੜ ਤੋਂ ਦੇਣ ਦਾ ਐਲਾਨ ਕੀਤਾ ਸੀ। ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਲਈ ਯੂ.ਏ.ਈ ਦੀ ਯਾਤਰਾ ਕਰਦੇ ਹਨ। ਭਾਰਤ ਤੋਂ ਯੂ.ਏ.ਈ. ਹਵਾਈ ਰੂਟ ‘ਤੇ ਯਾਤਰਾ ਲਈ ਬਿਨੈਕਰਾਂ ਦੀ ਗਿਣਤੀ ਅਤੇ ਹਵਾਈ ਕਿਰਾਏ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ।