ਬੰਬਈ ਹਾਈਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਕਿ ਇੱਕ ਵਿਆਹੁਤਾ ਮਹਿਲਾ ਪ੍ਰਤੀ ਪਿਆਰ ਦਾ ਇਜ਼ਹਾਰ ਕਰਨਾ ਉਸ ‘ਤੇ ਪਰਚੀ ਸੁੱਟਣਾ ਉਸ ਦਾ ਸ਼ੋਸ਼ਣ ਕਰਨ ਸਮਾਨ ਹੈ। ਇਸ ਸੰਬੰਧ ‘ਚ ਅਦਾਲਤ ਨੇ ਦੋਸ਼ੀ ‘ਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਅਤੇ ਉਸ ਨੂੰ ਇਹ ਰਾਸ਼ੀ ਮੁਆਵਜ਼ੇ ਦੇ ਰੂਪ ‘ਚ ਪੀੜ੍ਹਤ ਮਹਿਲਾ ਨੂੰ ਦੇਣ ਦਾ ਨਿਰਦੇਸ਼ ਦਿੱਤਾ।
ਜੱਜ ਰੋਹਿਤ ਦੇਵ ਨੇ 4 ਅਗਸਤ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇੱਕ ਵਿਆਹੁਤਾ ਮਹਿਲਾ ਪ੍ਰਤੀ ਪ੍ਰੇਮ ਜ਼ਾਹਰ ਕਰਦੇ ਹੋਏ ਸ਼ਾਇਰੀ ਲਿਖੀ ਪਰਚੀ ਸੁੱਟਣ ਦੀ ਹਰਕਤ ਉਸ ਦਾ ਸ਼ੋਸ਼ਣ ਕਰਨ ਸਮਾਨ ਹੈ।
ਇਸ ਤੋਂ ਪਹਿਲਾਂ ਅਕੋਲਾ ਸੈਸ਼ਨ ਅਦਾਲਤ ਨੇ ਦੋਸ਼ੀ ਸ਼੍ਰੀ ਕ੍ਰਿਸ਼ਨ ਤਿਵਾੜੀ ਨੂੰ ਆਈ.ਪੀ.ਸੀ. ਦੀ ਧਾਰਾ 354 ਦੇ ਅਧੀਨ ਦੋਸ਼ੀ ਪਾਉਂਦੇ ਹੋਏ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਅਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ, ਜਿਸ ‘ਚੋਂ 35 ਹਜ਼ਾਰ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਣਾ ਹੈ।
ਪੀੜ੍ਹਤਾ ਨੇ 4 ਅਕਤੂਬਰ 2011 ਨੂੰ ਅਕੋਲਾ ਦੇ ਸਿਵਲ ਲਾਈਨਜ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਮਹਿਲਾ ਨੇ ਦੋਸ਼ ਲਗਾਇਆ ਕਿ 3 ਅਕਤੂਬਰ ਨੂੰ ਜਦੋਂ ਉਹ ਭਾਂਡੇ ਧੋ ਰਹੀ ਸੀ ਤਾਂ ਗੁਆਂਢ ‘ਚ ਇਕ ਕਰਿਆਨੇ ਦੀ ਦੁਕਾਨ ਦਾ ਮਾਲਕ ਉਸ ਕੋਲ ਆਇਆ ਅਤੇ ਉਸ ਨੂੰ ਇਕ ਪਰਚੀ ਦੇਣ ਦੀ ਕੋਸ਼ਿਸ਼ ਕੀਤੀ।ਮਹਿਲਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਪਰਚੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਉਸ ‘ਤੇ ਪਰਚੀ ਸੁੱਟੀ ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ ਕਹਿ ਕੇ ਚੱਲਾ ਗਿਆ।
ਮਹਿਲਾ ਨੇ ਸ਼ਿਕਾਇਤ ‘ਚ ਇਹ ਵੀ ਕਿਹਾ ਕਿ ਦੋਸ਼ੀ ਨੇ ਕਈ ਮੌਕਿਆਂ ‘ਤੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ ‘ਤੇ ਛੋਟੇ-ਛੋਟੇ ਕੰਕੜ ਸੁੱਟੇ। ਜੱਜ ਦੇਵ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ 45 ਸਾਲਾ ਵਿਆਹੁਤਾ ਜਨਾਨੀ ਦੇ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀ ਸ਼ਾਇਰੀ ਲਿਖੀ ਪਰਚੀ ਸੁੱਟਣਾ ਉਸ ਦਾ ਸ਼ੋਸ਼ਣ ਕਰਨ ਸਮਾਨ ਹੈ। ਜੱਜ ਦੇਵ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਪੀੜਤਾ ਦੀ ਇਨ੍ਹਾਂ ਗੱਲਾਂ ‘ਤੇ ਵਿਸ਼ਵਾਸ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਦੋਸ਼ੀ ਨੇ ਉਸ ਨੂੰ ਇਤਰਾਜ਼ਯੋਗ ਸਮੱਗਰੀ ਵਾਲੀ ਇੱਕ ਪਰਚੀ ਦਿੱਤੀ ਸੀ।