ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਵਿਅਕਤੀ ਦੀ ਕਿਸਮਤ ਉਸ ਸਮੇਂ ਬਦਲ ਗਈ ਜਦੋਂ ਉਹ ਇਕੱਠੀਆਂ 20 ਲਾਟਰੀ ਜਿੱਤ ਗਿਆ। ਜਿਸ ਮਗਰੋਂ ਉਸ ਨੂੰ ਕੁੱਲ ਮਿਲਾ ਕੇ 1 ਲੱਖ ਡਾਲਰ ਮਤਲਬ ਤਕਰੀਬਨ 74,91,540 ਰੁਪਏ ਦਾ ਇਨਾਮ ਮਿਲਿਆ ।
ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਵਿਅਕਤੀ ਨੇ ਇੱਕੋ ਜਿਹੇ 20 ਲਾਟਰੀ ਟਿਕਟ ਖਰੀਦੇ ਸਨ, ਜਿਸ ਮਗਰੋਂ ਹਰ ਟਿਕਟ ‘ਤੇ ਉਹ 5 ਹਜ਼ਾਰ ਡਾਲਰ ਜਿੱਤ ਗਿਆ। ਉਸ ਨੂੰ ਕੁੱਲ 20 ਇਨਾਮ ਮਿਲੇ ਅਤੇ ਉਸ ਨੇ ਕੁੱਲ 1 ਲੱਖ ਡਾਲਰ ਦਾ ਜੈਕਪਾਟ ਜਿੱਤਿਆ। ਅਲੈਕਜ਼ੈਂਡਰੀਆ ਦੇ ਰਹਿਣ ਵਾਲੇ ਲਾਟਰੀ ਜੇਤੂ ਵਿਲੀਅਮ ਨੇਵੇਲ ਨੇ ਵਰਜੀਨੀਆ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਮਤੌਰ ‘ਤੇ ਆਪਣੇ ਲਾਟਰੀ ਟਿਕਟ ਨੇੜਲੇ ਸਟੋਰ ਤੋਂ ਖਰੀਦਦਾ ਸੀ ਪਰ ਉਸ ਨੇ ਪਹਿਲੀ ਵਾਰੀ ਇਹ ਟਿਕਟ ਆਨਲਾਈਨ ਖਰੀਦਣ ਦਾ ਫ਼ੈਸਲਾ ਲਿਆ।
ਇਸ ਪ੍ਰਕਾਰ ਨੇਵੇਲ ਦੇ ਚੁਣੇ ਗਏ ਨੰਬਰ 5-4-1-1, ਅਧਿਕਾਰੀਆਂ ਵੱਲੋਂ ਤਿਆਰ ਕੀਤੇ ਗਏ ਨੰਬਰਾਂ ਨਾਲ ਮੇਲ ਕਰ ਗਏ ਜਿਸ ਨਾਲ ਉਸ ਨੂੰ ਹਰੇਕ ਟਿਕਟ ‘ਤੇ 5,000 ਡਾਲਰ ਦਾ ਇਨਾਮ ਮਿਲਿਆ। ਇਕੱਠੀਆਂ 20 ਲਾਟਰੀਆਂ ਜਿੱਤਣ ਮਗਰੋਂ ਨੇਵੇਲ ਨੇ ਕਿਹਾ,”ਇਹ ਬਹੁਤ ਚੰਗਾ ਲੱਗਦਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ।” ਜੇਤੂ ਨੇ ਕਿਹਾ ਕਿ ਉਸ ਨੇ ਆਪਣੀ ਪੁਰਸਕਾਰ ਰਾਸ਼ੀ ਬਾਰੇ ਅਜੇ ਨਹੀਂ ਸੋਚਿਆ ਕਿ ਉਹ ਇਸਦਾ ਇਸਤੇਮਾਲ ਕਿੱਥੇ ਕਰੇਗਾ।