ਲੰਬੀ ‘ਚ ਕਿਸਾਨਾਂ ‘ਤੇ ਹੋਇਆ ਲਾਠੀਚਾਰਜ, 7 ਕਿਸਾਨ ਤੇ ਮਜ਼ਦੂਰ ਹੋਏ ਜਖ਼ਮੀ

0
60

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਲੰਬੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਨਾਇਬ ਤਹਿਸੀਲਦਾਰ ਸਮੇਤ ਹੋਰ ਅਧਿਕਾਰੀਆਂ ਨੂੰ ਤਹਿਸੀਲ ਵਿਚ ਬੰਧਕ ਬਣਾ ਲਿਆ ਸੀ। ਇਸ ਦੌਰਾਨ ਪੁਲਿਸ ਨੇ ਦੇਰ ਰਾਤ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਅਤੇ ਸਾਰੇ ਅਧਿਕਾਰੀਆਂ ਨੂੰ ਉਥੋਂ ਛੁਡਵਾਇਆ। ਹੁਣ ਲੰਬੀ ਥਾਣੇ ਵਿੱਚ ਇੱਕ ਤੋਂ ਡੇਢ ਸੌ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਬੀਤੀ ਰਾਤ ਭਾਰੀ ਗਿਣਤੀ ਵਿਚ ਪੁਲਿਸ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰਨ ਵਾਲੇ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਦਫ਼ਤਰ ‘ਚ ਬੰਧੀ ਬਣਾਏ ਨਾਇਬ ਤਹਿਸੀਲਦਾਰ ਅਮਲੇ ਨੂੰ ਛੁਡਵਾਇਆ। ਲਾਠੀਚਾਰਜ਼ ‘ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਬੰਧੀ ਬਣਾਉਣ ਖ਼ਿਲਾਫ਼ ਸੜਕ ਜਾਮ ਕਰ ਦਿੱਤੀ ਗਈ। ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ ‘ਚ ਘੇਰ ਲਏ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਹੋਇਆ ਸੀ, ਜਿੱਥੇ ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟੜ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਕਿਸਾਨ ਕਿਸਾਨ ਏਕਤਾ ਮੋਰਚਾ ਨੇ ਸਖ਼ਤ ਨਿੰਦਾ ਕੀਤੀ ਹੈ।

LEAVE A REPLY

Please enter your comment!
Please enter your name here