ਰਾਹੁਲ ਗਾਂਧੀ ਨੇ ਯੂਕ੍ਰੇਨ ‘ਚ ਹੋਈ ਭਾਰਤੀ ਵਿਦਿਆਰਥੀ ਦੀ ਮੌਤ ‘ਤੇ ਪ੍ਰਗਟਾਇਆ ਦੁੱਖ ਤੇ ਸਰਕਾਰ ਨੂੰ ਟਵੀਟ ਕਰ ਕਹੀ ਇਹ ਗੱਲ

0
126

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੰਗ ਪ੍ਰਭਾਵਿਤ ਯੂਕ੍ਰੇਨ ’ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਰਕਾਰ ਨੂੰ ਰਣਨੀਤਕ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਰਾਹੁਲ ਨੇ ਟਵੀਟ ਕੀਤਾ, ‘‘ਯੂਕ੍ਰੇਨ ’ਚ ਭਾਰਤੀ ਵਿਦਿਆਰਥੀ ਨਵੀਨ ਦੀ ਜਾਨ ਗੁਆਉਣ ਦੀ ਦੁਖ਼ਦ ਖਬਰ ਮਿਲੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਪ੍ਰਤੀ ਮੇਰੀ ਹਮਦਰਦੀ ਹੈ। ਰਾਹੁਲ ਨੇ ਕਿਹਾ ਕਿ ਮੈਂ ਫਿਰ ਇਹ ਗੱਲ ਦੋਹਰਾਉਂਦਾ ਹਾਂ ਕਿ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤ ਸਰਕਾਰ ਨੂੰ ਇਕ ਰਣਨੀਤਕ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਇਕ-ਇਕ ਮਿੰਟ ਕੀਮਤੀ ਹੈ।’’

ਜੰਗ ਪ੍ਰਭਾਵਿਤ ਯੂਕ੍ਰੇਨ ਦੇ ਖਾਰਕੀਵ ਸ਼ਹਿਰ ’ਚ ਅੱਜ ਸਵੇਰੇ ਗੋਲੀਬਾਰੀ ’ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮਾਰੇ ਗਏ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ’ਚ ਚਲਗੇਰੀ ਦੇ ਵਾਸੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਰੂਪ ’ਚ ਹੋਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਯੂਕ੍ਰੇਨ ’ਤੇ ਫ਼ੌਜੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ। ਇਸ ਹੁਕਮ ਤੋਂ ਬਾਅਦ ਰੂਸੀ ਫ਼ੌਜ ਵਲੋਂ ਯੂਕ੍ਰੇਨ ’ਚ ਲਗਾਤਾਰ ਹਮਲੇ ਹੋ ਰਹੇ ਹਨ। ਯੂਕ੍ਰੇਨ ’ਚ ਹੁਣ ਤੱਕ 14 ਬੱਚਿਆਂ ਸਮੇਤ 352 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।

ਯੂਕ੍ਰੇਨ ਵਿਚ ਭਾਰਤ ਦੇ ਕਰੀਬ 18,000 ਵਿਦਿਆਰਥੀ ਹਨ, ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਸਰਕਾਰ ‘ਆਪ੍ਰੇਸ਼ਨ ਗੰਗਾ’ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁਹਿੰਮ ਵਿਚ ਹਵਾਈ ਸੈਨਾ ਦੀ ਮਦਦ ਮੰਗੀ ਹੈ। ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਪੱਛਮੀ ਯੂਕ੍ਰੇਨ ਦੇ ਨਾਲ ਲੱਗਦੇ ਰੋਮਾਨੀਆ, ਹੰਗਰੀ, ਪੋਲੈਂਡ ਵਰਗੇ ਦੇਸ਼ਾਂ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ ਹੈ, ਜਿੱਥੋਂ ਭਾਰਤੀ ਅਧਿਕਾਰੀ ਉਨ੍ਹਾਂ ਦੀ ਵਾਪਸੀ ਦੀ ਯਾਤਰਾ ਦਾ ਪ੍ਰਬੰਧ ਕਰ ਰਹੇ ਹਨ ਅਤੇ ਇਸ ਕੰਮ ਵਿਚ ਸਹਿਯੋਗ ਲਈ 4 ਮੰਤਰੀਆਂ ਨੂੰ ਇਨ੍ਹਾਂ ਦੇਸ਼ਾਂ ਵਿਚ ਭੇਜਿਆ ਗਿਆ ਹੈ।

LEAVE A REPLY

Please enter your comment!
Please enter your name here