ਨਵੀਂ ਦਿੱਲੀ : ਰਣਜੀਤ ਸਿੰਘ ਹੱਤਿਆਕਾਂਡ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਡੇਰਾ ਮੁਖੀ ਰਾਮ ਰਹੀਮ ਸਮੇਤ ਪੰਜ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੰਚਕੂਲਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ ਅਤੇ ਪੰਜ ਹੋਰ ਸਹਿ-ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਸ਼ੁੱਕਰਵਾਰ ਨੂੰ ਮਾਮਲੇ ‘ਚ ਆਰੋਪੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਣ ਕੁਮਾਰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਏ। ਉਥੇ ਹੀ ਆਰੋਪੀ ਅਵਤਾਰ, ਜਸਵੀਰ ਅਤੇ ਸਬਦਿਲ ਸਿੱਧਾ ਕੋਰਟ ‘ਚ ਪੇਸ਼ ਹੋਏ।
ਦੱਸ ਦਈਏ ਕਿ ਰਣਜੀਤ ਸਿੰਘ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਸਮਰਥਕ ਸੀ ਅਤੇ 10 ਜੁਲਾਈ 2002 ਨੂੰ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਨੇ 3 ਦਸੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਐਫਆਈਆਰ ਦਰਜ ਕੀਤੀ ਸੀ। ਇਹ ਪਟੀਸ਼ਨ ਰਣਜੀਤ ਸਿੰਘ ਦੇ ਬੇਟੇ ਜਗਸੀਰ ਸਿੰਘ ਨੇ ਦਾਇਰ ਕੀਤੀ ਸੀ।
ਇਸ ਮਾਮਲੇ ‘ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਸਾਰੇ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਅਦਾਲਤ ਨੇ ਇਸ ਮਾਮਲੇ ‘ਚ ਪਹਿਲਾਂ ਫੈਸਲਾ 26 ਅਗਸਤ ਨੂੰ ਸੁਣਾਉਣਾ ਸੀ। ਉਥੇ ਹੀ ਵਕੀਲ ਦਾ ਕਹਿਣਾ ਹੈ ਕਿ 19 ਸਾਲ ਪੁਰਾਣੇ ਇਸ ਮਾਮਲੇ ‘ਚ ਬੀਤੀ 12 ਅਗਸਤ ਨੂੰ ਬਚਾਅ ਪੱਖ ਦੀ ਅੰਤਿਮ ਬਹਿਸ ਪੂਰੀ ਹੋ ਗਈ ਸੀ। ਸੀਬੀਆਈ ਜੱਜ ਡਾ.ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ‘ਚ ਕਰੀਬ ਢਾਈ ਘੰਟੇ ਬਹਿਸ ਤੋਂ ਬਾਅਦ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।









