ਪੰਜਾਬ ‘ਚ ਆਪ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਵਿਚ ਸੱਤਾ ਤਬਦੀਲੀ ਦੇ ਨਾਲ-ਨਾਲ ਸੂਬੇ ਦੇ ਹਰ ਹਲਕੇ ਦਾ ਮਾਹੌਲ ਵੀ ਬਦਲਣਾ ਸ਼ੁਰੂ ਹੋ ਗਿਆ। ਪਿਛਲੇ ਦੋ ਦਿਨਾਂ ਵਿੱਚ ਹੀ ਵੱਡੀਆਂ ਤਬਦੀਲੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਗ੍ਰਹਿ ਰਾਮਪੁਰਾ ਸ਼ਹਿਰ ‘ਚ ਵਧਾਈਆਂ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਦੂਸਰੇ ਪਾਸੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਤੁਰੰਤ ਹਲਕੇ ਵੱਲ ਧਿਆਨ ਦਿੰਦਿਆਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਨਾਲ ਸਬੰਧਤ ਥਾਣਾ ਮੁਖੀਆਂ ਤੇ ਡੀਐਸਪੀ ਫੂਲ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਹਲਕੇ ਵਿੱਚ ਨਸ਼ੇ ਦੇ ਤਸਕਰਾਂ ਉਤੇ ਤੁਰੰਤ ਨਕੇਲ ਕੱਸੀ ਜਾਵੇ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਹਲਕੇ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵਿਕਣਾ ਚਾਹੀਦਾ ਅਤੇ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ‘ਤੇ ਤੁਰੰਤ ਕਾਰਵਾਈ ਹੋਵੇਗੀ।
ਉਨ੍ਹਾਂ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਕਿਹਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਸਿਹਤ ਵਿਭਾਗ ਦੇ ਸਿਵਲ ਹਸਪਤਾਲ ਰਾਮਪੁਰਾ ਅਤੇ ਭਗਤਾ ਭਾਈਕਾ ਦੇ ਐੱਸ.ਐੱਮ.ਓ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਕਰਨ ਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕਿਹਾ।
ਇਸ ਤੋਂ ਇਲਾਵਾ ਉਹਨਾਂ ਪਾਵਰ ਕਾਮ ਰਾਮਪੁਰਾ ਦੇ ਐਕਸੀਅਨ ਤੇ ਐਸ.ਡੀ.ਓ ਨੂੰ ਸ਼ਹਿਰ ਅਤੇ ਹਲਕੇ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਲੋੜੀਂਦੇ ਸੁਧਾਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸੇ ਤਰ੍ਹਾਂ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਦਿਆਂ ਮਾਰਕੀਟ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਕਿਹਾ ਤਾਂ ਕਿ ਅਗਲੇ ਮਹੀਨੇ ਦਾਣਾ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ।