ਯੂਕ੍ਰੇਨ – ਰੂਸ ਜੰਗ ‘ ਚ ਉਲਝੇ ਪੰਜਾਬੀਆਂ ‘ ਤੇ ਮਿੰਟੂ ਗੁਰੂਸਰੀਆ ਦਾ ਤੰਜ, ਪੰਜਾਬ ਨਾਲ ਹੋ ਰਹੇ ਧੱਕੇ ਖਿਲਾਫ਼ ਡੱਟਣ ਦੀ ਕੀਤੀ ਅਪੀਲ

0
95

ਮਿੰਟੂ ਗੁਰੂਸਰੀਆ ਜੋ ਕਿ ਇੱਕ ਲੇਖਕ ਤੇ ਪੰਜਾਬੀ ਪੱਤਰਕਾਰ ਹੈ। ਉਨ੍ਹਾਂ ਵਲੋਂ ਯੂਕਰੇਨ ਤੇ ਰੂਸ ਵਿਚਕਾਰ ਜੰਗ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਮੇਰੇ ਵਰਗਿਆਂ ਨੂੰ ਇਹ ਨਹੀਂ ਪਤਾ ਕਿ ਪਿੰਡ ਦੇ ਸਿਵੇ ਕਿੰਨੇ ਮਰਲੇ ‘ਚ ਨੇ ਉਹ ਵੀ ਯੂਕਰੇਨ-ਰਸ਼ੀਆ ਜੰਗ ਦੀਆਂ ਗੱਲਾਂ ਕਰ ਰਹੇ ਹਨ। ਜਦੋਂ ਕਿ ਉਹ ਪੰਜਾਬ ‘ਚ ਕੀ ਹੋ ਰਿਹਾ ਹੈ ਇਸ ਬਾਰੇ ਸੁੱਤੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿਚਕਾਰ ਜੰਗ ਦਰਮਿਆਨ ਪੰਜਾਬ ਦੀ ਸਥਿਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ‘ਚ ‘ਤਾਕਤਹੀਣ ਸਰਕਾਰ’ ਅਤੇ ਚੋਣ ਜ਼ਾਬਤਾ ਚੱਲ ਰਿਹਾ ਹੈ ਠੀਕ ਓਸ ਵੇਲੇ ਸੰਘੀ ਢਾਂਚੇ (ਫੈਡਰਲਿਜ਼ਮ) ਦੀ ਵੈਰੀ ਬਣੀ ਕੇਂਦਰੀ ਹਕੂਮਤ ਨੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਿਚੋਂ 1974 ਤੋਂ ਚੱਲਦੇ ਨਿਯਮ ਸੋਧ ਲਾਗੂ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਉਸ ਦੇ ਹੱਕ ਖੋਹ ਲਏ ਹਨ। ਇਹੀ ਨਹੀਂ ਚੰਡੀਗੜ੍ਹ ਵਿਚ ਪੰਜਾਬ-ਹਰਿਆਣੇ ਦੇ ਨਿਯੁਕਤੀ ਅਨੁਪਾਤ 60:40 ਨੂੰ ਖਤਮ ਕਰਨ ਲਈ PCS ਅਤੇ HCS ਦੀ ਥਾਂ ਕੇਂਦਰੀ ਕਾਡਰ ਦੇ ਅਫ਼ਸਰ ਨਿਯੁਕਤ ਕਰ ਦਿੱਤੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਤੇ ਕਿਸਾਨ ਅੰਦੋਲਨ ਨੂੰ ਧਾਰਮਿਕ ਪੁੱਠ ਚੜ੍ਹਦੀ ਸੀ ਤਾਂ ਆਪਾਂ ਸਾਰੇ ਕਹਿੰਦੇ ਸਾਂ ਕਿ ਇਹ ਸਾਂਝਾ ਅੰਦੋਲਨ ਹੈ ਕੀ ਇਹ ਪੰਜਾਬ ਦੇ ਖੋਹੇ ਹੱਕ ਸਾਂਝੇ ਨਹੀਂ ਹੋ ਸਕਦੇ ? ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ‘ਤੇ ਤੰਜ ਕੱਸਦਿਆ ਕਿਹਾ ਕਿ ਉਹ ਤਾਂ ਨਹੀਂ ਪਰ ਹਰਿਆਣਵੀ ਤਾਂ ਇਸ ‘ਤੇ ਬੋਲ ਸਕਦੇ ਨੇ ? ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਾਰੇ ਪੰਜਾਬੀ ਇਕ ਸੁਰ ਵਿਚ ਕਿਉਂ ਨਹੀਂ ਬੋਲਦੇ ਜੇ ਸਾਡਾ ਪਿਆਰਾ ਪੰਜਾਬ ਸਾਡਾ ਸਭ ਦਾ ਸਾਂਝਾ ਹੈ ? ਸਾਡੀ ਲੀਡਰਸ਼ਿਪ ਚੁੱਪ ਬੈਠ ਗਈ ਹੈ ?
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਕਰਾਂ ਤਾਂ ਮੇਰੇ ਸਾਥੀ ਕਹਿਣ ਲੱਗ ਪੈਂਦੇ ਨੇ ਤੂੰ ਕਦੇ-ਕਦੇ ‘ਕਮਿਊਨਲ’ ਹੋ ਜਾਂਦਾ ਹੈ, ਤੂੰ ਆਪਣੇ ਸਿੱਖਾਂ ਪ੍ਰਤੀ ਅਤਿ ਝੁਕਾਅਵਾਦੀ ਹੈ; ਨਹੀਂ ਯਾਰ ! ਮੈਂ ਸਭ ਦਾ ਤੇ ਸਭ ਮੇਰੇ ਨੇ ਪਰ ਇਸ ਸਾਂਝ ਦੀ ਮਾਲਾ ਵਿਚਲਾ ਧਾਗਾ ਪੰਜਾਬ ਹੈ ਤੇ ਜਦੋਂ ਉਸ ਧਾਗੇ ‘ਤੇ ਵਾਰ ਹੁੰਦਾ ਹੈ ਤਾਂ ਰਿਹਾ ਨਹੀਂ ਜਾਂਦਾ, ਫੇਰ ਤੁਸੀਂ ਜੋ ਤਗਮਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਸੱਚ ਇਹ ਹੈ ਕਿ ਇਹ ਇਕ ਖਿੱਤੇ ਨਾਲ਼ ਧੱਕੇ ਦੀ ਹੱਦ ਹੋ ਗਈ ਹੈ ਕਿ ਪਹਿਲਾਂ ਉਸ ਦੇ ਅਧਿਕਾਰ ਖੋਹੇ ਤੇ ਫੇਰ ਬਚੇ-ਖੁਚੇ ਹੱਕ-ਹਿੱਸੇ ਨੂੰ ਵੀ ਮੁਕਾ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਇੱਕ ਸਾਜ਼ਸ਼ ਜਾਪਦੀ ਹੈ।

LEAVE A REPLY

Please enter your comment!
Please enter your name here