ਕਿਹਾ, ਲੋਕ ਮੁੱਦਿਆਂ ਤੋਂ ਕਾਂਗਰਸ ਨੂੰ ਭੱਜਣ ਨਹੀਂ ਦਿਆਂਗੇ
‘ਆਪ’ ਨੇ ਬੀਏਸੀ ’ਚ ਅਗਲਾ ਇਜਲਾਸ ਘੱਟੋ- ਘੱਟ 15 ਦਿਨ ਦਾ ਕੀਤੇ ਜਾਣ ਦੀ ਦੁਹਰਾਈ ਮੰਗ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਇਆ ਮਾਰਗ ਮੌਜ਼ੂਦਾ ਸਮੇਂ ਵਿੱਚ ਹੋਰ ਵੀ ਸਾਰਥਕ ਅਤੇ ਅਰਥ ਭਰਪੂਰ ਹੋ ਗਿਆ ਹੈ।
ਚੀਮਾ ਨੇ ਕਿਹਾ, ‘ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਬੜੇ ਵਿਆਪਕ ਅਰਥ ਹਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਦੇਸ਼ ਜਿੱਥੇ ਲੋਕਾਈ ਨੂੰ ਕਰਮ ਕਾਂਡਾਂ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਨਾ ਸੀ, ਉਥੇ ਹੀ ਸਮੇਂ ਦੇ ਮੁਗਲ ਸ਼ਾਸ਼ਕ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵੀ ਸੀ।’
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਉਪਦੇਸ਼ ਅੱਜ ਹੋਰ ਵੀ ਸਾਰਥਕ ਹੋ ਗਏ ਹਨ ਕਿੳਂੁਕਿ ਸ਼ਾਸ਼ਕਾਂ ਦੇ ਜ਼ੁਲਮ ਮੁਗਲ ਕਾਲ ਵਾਂਗ ਬਰਕਰਾਰ ਹਨ। ਕਰਮ ਕਾਂਡ ਚਰਮ ਸੀਮਾ ’ਤੇ ਹਨ। ਜਾਤ- ਪਾਤ, ਊਚ- ਨੀਚ ਅਤੇ ਸਮਾਜਿਕ ਨਾ- ਬਰਾਬਰੀ ਦਾ ਖੱਪਾ ਹੋਰ ਵੱਧ ਰਿਹਾ ਹੈ। ਆਪਸੀ ਸਦਭਾਵਨਾ ਅਤੇ ਸਮਾਜਿਕ ਭਾਈਚਾਰਾ ਵੀ ਭਾਰੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਪਵੇਗਾ ਕਿ ਇਨਾਂ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਹੱਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਵਿੱਚ ਦਰਜ ਹੈ।
ਵਿਧਾਨ ਸਭਾ ਇਜਲਾਸ ਤੋਂ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਅਗਵਾਈ ਹੇਠ ਹੋਈ ਬਿਜਨਸ ਅਡਵਾਇਜ਼ਰੀ ਕਮੇਟੀ (ਬੀਏਸੀ) ’ਚ ਉਨ੍ਹਾਂ (ਚੀਮਾ) ਨੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਉਪਰੰਤ 15 ਦਿਨ ਦਾ ਮਾਨਸੂਨ ਇਜਲਾਸ ਰੱਖਣ ਦੀ ਮੰਗ ਦੁਹਰਾਈ ਸੀ, ਜਿਸ ’ਤੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੁਬਾਰਾ ਇਜਲਾਸ ਸੱਦਿਆ ਜਾਵੇਗਾ। ਚੀਮਾ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ਮਾਫ਼ੀਆ ਰਾਜ ਤੋਂ ਬਾਅਦ ਸੱਤਾਧਾਰੀ ਕਾਂਗਰਸ ਦੇ ਸਾਢੇ 4 ਸਾਲਾਂ ਦੇ ਨਿਕੰਮੇ ਸ਼ਾਸਨ ਨੇ ਪੰਜਾਬ ਨੂੰ ਕੰਗਾਲ ਅਤੇ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ। ਬੇਸ਼ੱਕ ਸੱਤਾਧਾਰੀ ਕਾਂਗਰਸ ਸਾਰੇ ਭੱਖਦੇ ਮੁੱਦਿਆਂ ਤੋਂ ਹਮੇਸ਼ਾਂ ਭੱਜਣ ਦੀ ਤਾਕ ’ਚ ਰਹਿੰਦੀ ਹੈ, ਪ੍ਰੰਤੂ ਹੁਣ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਆਮ ਆਦਮੀ ਪਾਰਟੀ ਦੀ ਤਰਫ਼ੋਂ ਵਿਧਾਇਕ ਅਮਨ ਅਰੋੜਾ ਵੱਲੋਂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਅਤੇ ਸ਼ਰਾਬ ਕਾਰਪੋਰੇਸ਼ਨ ਗਠਿਤ ਕਰਨ ਲਈ ਦਿੱਤੇ ਪ੍ਰਾਈਵੇਟ ਮੈਂਬਰ ਬਿਲ ਨੂੰ ਪਾਸ ਕਰਾਉਣ ਦੀ ਜ਼ੁਅਰੱਤ ਦਿਖਾਉਣ। ਇਜਲਾਸ ਵਿੱਚ ‘ਆਪ’ ਵਿਧਾਇਕ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਤਾਰ ਸਿੰਘ ਹਿੱਸੋਵਾਲ ਅਤੇ ਅਮਰਜੀਤ ਸਿੰਘ ਸੰਦੋਆ ਵੀ ਮੌਜ਼ੂਦ ਸਨ।