ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਹਨ। ਦੇਸ਼ ਦੇ ਕਈ ਹਿੱਸਿਆਂ ‘ਚ ਬਾਰਿਸ਼ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਬਾਰਿਸ਼ ਦੇ ਸੰਬੰਧ ‘ਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 18 ਤੋਂ 20 ਜੁਲਾਈ ਦੌਰਾਨ ਪੰਜਾਬ, ਹਰਿਆਣਾ ਵਿਚ ਭਾਰੀ ਬਰਸਾਤ ਹੋ ਸਕਦੀ ਹੈ। ਪੰਜਾਬ ਦੇ ਕੁਝ ਹਿੱਸਿਆ ਵਿਚ ਪਹਿਲਾਂ ਹਲਕੀ ਬਾਰਸ਼ ਹੋਵੇਗੀ। ਇਸ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਪੰਜਾਬ, ਹਰਿਆਣਾ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿਚ 20 ਜੁਲਾਈ ਤੱਕ ਤੇਜ਼ ਬਾਰਿਸ਼ ਹੋਵੇਗੀ।
ਆਈਐਮਡੀ ਨੇ ਟਵੀਟ ਕੀਤਾ ਕਿ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ 16 ਜੁਲਾਈ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਇਹ ਰੁਝਾਨ 17 ਅਤੇ 18 ਜੁਲਾਈ ਤੱਕ ਜਾਰੀ ਹੋ ਸਕਦਾ ਹੈ। 16 ਜੁਲਾਈ ਨੂੰ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਪੈਣਗੇ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 17 ਜੁਲਾਈ ਤੋਂ ਹਰਿਆਣਾ, ਪੰਜਾਬ, ਉੱਤਰੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼ ਅਤੇ ਦੱਖਣੀ ਉੱਤਰ ਪ੍ਰਦੇਸ਼ ਵਿੱਚ ਤੇਜ਼ ਬਾਰਿਸ਼ ਹੋਵੇਗੀ। 18 ਜੁਲਾਈ ਨੂੰ ਇਨ੍ਹਾਂ ਹਿੱਸਿਆਂ ਵਿੱਚ ਵੱਧ ਤੋਂ ਵੱਧ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹਲਕੀ ਤੋਂ ਦਰਮਿਆਨੀ ਬਾਰਿਸ਼ ਪੱਛਮੀ ਹਿਮਾਲਿਆ, ਪੰਜਾਬ, ਹਰਿਆਣਾ, ਉੱਤਰ-ਪੱਛਮੀ ਉੱਤਰ ਪ੍ਰਦੇਸ਼, ਛੱਤੀਸਗੜ, ਅੰਦਰੂਨੀ ਕਰਨਾਟਕ, ਆਂਧਰਾ ਪ੍ਰਦੇਸ਼ ਦੇ ਉੱਤਰੀ ਤੱਟ ਅਤੇ ਰਾਏਲਸੀਮਾ ਵਿੱਚ ਇੱਕ ਜਾਂ ਦੋ ਥਾਵਾਂ ਤੇ ਹੋ ਸਕਦੀ ਹੈ। ਦਿੱਲੀ, ਰਾਜਸਥਾਨ ਦੇ ਕੁਝ ਹਿੱਸਿਆਂ, ਗੁਜਰਾਤ ਦੇ ਕੁਝ ਹਿੱਸੇ, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਉੱਤਰ-ਪੂਰਬੀ ਭਾਰਤ ਦੇ ਬਾਕੀ ਹਿੱਸੇ ਅਤੇ ਲਕਸ਼ਦੀਪ ਵਿਚ ਹਲਕੀ ਬਾਰਿਸ਼ ਸੰਭਵ ਹੈ।