ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਇਸ ਦੌਰ ‘ਚ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਿਨਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) ਵਧਾਉਣ ਦਾ ਫੈਸਲਾ ਕੀਤਾ ਹੈ। ਖਬਰਾਂ ਅਨੁਸਾਰ, ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 11 ਫ਼ੀਸਦੀ ਦਾ ਵਾਧਾ ਹੋਇਆ। ਕੈਬਿਨਟ ਨੇ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 17 ਫ਼ੀਸਦੀ ਤੋਂ ਵਧਾਕੇ 28 ਫ਼ੀਸਦੀ ਕਰ ਦਿੱਤਾ ਹੈ।
ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਿੱਚ ਅੱਜ ਕੇਂਦਰੀ ਕੈਬਿਨਟ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ। ਪੀਐਮ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ ਕੈਬਿਨਟ ਦੇ ਸਾਰੇ ਮੈਂਬਰ ਨਿੱਜੀ ਰੂਪ ਨਾਲ ਮੌਜੂਦ ਰਹੇ। ਇਸ ਤੋਂ ਪਹਿਲਾਂ, ਕੈਬਨਿਟ ਦੀ ਸਿੱਧੀ ਬੈਠਕ ਪਿਛਲੇ ਸਾਲ ਅਪ੍ਰੈਲ ਦੇ ਪਹਿਲੇ ਹਫਤੇ ਹੋਈ ਸੀ, ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਫੈਲੀ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਪਿਛਲੇ ਸਾਲ ਤੋਂ ਹੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਪੈਨਸ਼ਨਰ ਤੋਂ ਮਹਿੰਗਾਈ ਰਾਹਤ ‘ਤੇ ਰੋਕ ਲਗਾ ਰੱਖੀ ਸੀ। ਜਨਵਰੀ 2020 , ਜੁਲਾਈ 2020 , ਜਨਵਰੀ 2021 ਅਤੇ ਜੁਲਾਈ 2021 ਦਾ ਮਹਿੰਗਾਈ ਭੱਤਾ ਕੇਂਦਰੀ ਕਰਮਚਾਰੀਆਂ ਨੂੰ ਮਿਲਣਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਜਨਵਰੀ 2020 ਵਿੱਚ ਮਹਿੰਗਾਈ ਭੱਤੇ ਨੂੰ 4 ਫੀਸਦੀ ਵਧਾਇਆ ਸੀ। ਫਿਰ ਤੋਂ ਇਸ ਸਾਲ ਜੂਨ 2020 ਵਿੱਚ ਮਹਿੰਗਾਈ ਭੱਤੇ ‘ਚ 3 ਫੀਸਦੀ ਕੀਤੀ ਅਤੇ ਵਾਧਾ ਕੀਤਾ ਗਿਆ। ਇਸ ਤੋਂ ਬਾਅਦ ਜਨਵਰੀ 2021 ‘ਚ 4 ਫੀਸਦੀ ਮਹਿੰਗਾਈ ਭੱਤਾ ਵਧਾਇਆ ਗਿਆ ਸੀ। ਅਜਿਹੇ ਵਿੱਚ ਕੁੱਲ ਵਾਧਾ 11 ਫੀਸਦੀ ਹੋਇਆ, ਜੋ ਹੁਣ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲੇਗਾ। ਮਹਿੰਗਾਈ ਭੱਤੇ ਦੇ ਇਹ ਤਿੰਨ ਬਕਾਏ ਕਰਮਚਾਰੀਆਂ ਨੂੰ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਣਗੇ।