ਨੋਬਲ ਪੁਰਸਕਾਰ 2021 ਦਾ ਐਲਾਨ ਹੋ ਗਿਆ ਹੈ। ਅਮਰੀਕਾ ਦੇ ਵਿਗਿਆਨੀ ਡੇਵਿਡ ਜੂਲੀਅਸ ਅਤੇ ਅਰਡੇਮ ਪਟਾਪੌਟੀਅਨ ਨੂੰ ਫਿਜ਼ੀਓਲੋਜੀ ਜਾਂ ਮੈਡੀਸਨ ’ਚ ਸਾਂਝੇ ਤੌਰ ’ਤੇ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਤਾਪਮਾਨ ਅਤੇ ਛੋਹ ਲਈ ਰਿਸੈਪਟਰਸ ਦੀ ਖੋਜ ਕਰਨ ਲਈ ਇਹ ਸਨਮਾਨ ਦਿੱਤਾ ਗਿਆ ਹੈ। ਨੋਬਲ ਪੁਰਸਕਾਰ ਦਾ ਐਲਾਨ ਸੋਮਵਾਰ ਨੂੰ ਨੋਬਲ ਕਮੇਟੀ ਦੇ ਜਨਰਲ ਸਕੱਤਰ ਥਾਮਸ ਪਰਲਮੈਨ ਨੇ ਕੀਤਾ।
ਇਸ ਨੋਬਲ ਪੁਰਸਕਾਰ ਦੀ ਸ਼ੁਰੂਆਤ ਨੋਬਲ ਫਾਊਂਡੇਸ਼ਨ ਵੱਲੋਂ 1901 ’ਚ ਕੀਤੀ ਗਈ ਸੀ। ਇਹ ਪੁਰਸਕਾਰ ਸਵੀਡਨ ਵਿਗਿਆਨੀ ਅਲਫ੍ਰੈੱਡ ਨੋਬਲ ਦੀ ਯਾਦ ’ਚ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਮਨੁੱਖ ਜਾਤੀ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ। ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰਾਂ ’ਚ ਵਿਸ਼ਵ ਦਾ ਸਭ ਤੋਂ ਵੱਡਾ ਪੁਰਸਕਾਰ ਹੈ।
ਅਲਫ੍ਰੈੱਡ ਨੋਬਲ ਡਾਇਨਾਮਾਈਟ ਦੀ ਖੋਜ ਕਰਨ ਵਾਲੇ ਵਿਗਿਆਨੀ ਸਨ। ਉਨ੍ਹਾਂ ਨੇ ਲੱਗਭਗ 355 ਖੋਜਾਂ ਕੀਤੀਆਂ। ਦਸੰਬਰ 1896 ’ਚ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਦੌਲਤ ਦਾ ਇਕ ਵੱਡਾ ਹਿੱਸਾ ਇਕ ਟਰੱਸਟ ਲਈ ਰਾਖਵਾਂ ਰੱਖ ਦਿੱਤਾ। ਉਨ੍ਹਾਂ ਦੀ ਇੱਛਾ ਸੀ ਕਿ ਇਸ ਪੈਸੇ ਦਾ ਵਿਆਜ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਦੇ ਕੰਮਾਂ ਨਾਲ ਮਨੁੱਖਤਾ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਹੋਵੇ।