ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇ ਵਾਲਾ ਦੇ ਫੈਨਜ਼ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ ਕੱਲ੍ਹ ਯਾਨੀ 8 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਫ਼ਿਲਮ 1 ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸ ਫ਼ਿਲਮ ਨੂੰ ਸੈਂਸਰ ਬੋਰਡ ਵਲੋਂ ਮਨਜ਼ੂਰੀ ਨਹੀਂ ਮਿਲੀ, ਜਿਸ ਦੇ ਚਲਦਿਆਂ ਵਿਦੇਸ਼ਾਂ ’ਚ ਤਾਂ ਇਹ ਫ਼ਿਲਮ 1 ਅਕਤੂਬਰ ਨੂੰ ਰਿਲੀਜ਼ ਹੋ ਗਈ ਪਰ ਭਾਰਤ ’ਚ ਇਸ ਦੀ ਰਿਲੀਜ਼ ਡੇਟ ਮੁਲਤਵੀ ਹੋ ਗਈ।
ਫ਼ਿਲਮ ਬੈਨ ਹੋਣ ਮਗਰੋਂ ਸਿੱਧੂ ਮੂਸੇ ਵਾਲਾ ਨੇ ਇਕ ਲੰਮੀ-ਚੌੜੀ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਮਨ ਦੀ ਭੜਾਸ ਕੱਢੀ ਸੀ। ਉਥੇ ਹੁਣ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆਉਣ ਮਗਰੋਂ ਸਿੱਧੂ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ। ਦੱਸ ਦਈਏ ਕਿ ‘ਮੂਸਾ ਜੱਟ’ ਫ਼ਿਲਮ ਰਾਹੀਂ ਸਿੱਧੂ ਮੂਸੇ ਵਾਲਾ ਤੇ ਸਵਿਤਾਜ ਬਰਾੜ ਫ਼ਿਲਮ ਇੰਡਸਟਰੀ ’ਚ ਡੈਬਿਊ ਕਰ ਰਹੇ ਹਨ। ਦੋਵਾਂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੀ ਸਟਾਰ ਕਾਸਟ ਵੀ ਕਾਫੀ ਵੱਡੀ ਹੈ। ਫ਼ਿਲਮ ਨੂੰ ਦਿਲਸ਼ੇਰ ਸਿੰਘ ਤੇ ਖੁਸ਼ਦੀਪ ਸਿੰਘ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਰੁਪਾਲੀ ਗੁਪਤਾ ਨੇ ਪ੍ਰੋਡਿਊਸ ਕੀਤੀ ਹੈ। ਇਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਗੁਰਿੰਦਰ ਡਿੰਪੀ ਨੇ ਲਿਖੇ ਹਨ।