ਮੁੰਬਈ ਦੇ ਉਪਨਗਰੀ ਇਲਾਕੇ ਕਾਂਦੀਵਲੀ ‘ਚ 15 ਮੰਜ਼ਿਲਾ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਸ਼ਨੀਵਾਰ ਰਾਤ ਵੇਲੇ ਵਾਪਰਿਆ। ਇਮਾਰਤ ‘ਚ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਝੁਲਸ ਗਿਆ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮਥੁਰਾਦਾਸ ਰੋਡ ‘ਤੇ ‘ਹੰਸਾ ਰੀਟੇਜ’ ਇਮਾਰਤ ਦੀ 14ਵੀਂ ਮੰਜ਼ਿਲ ‘ਤੇ ਸਥਿਤ ਇੱਕ ਫਲੈਟ ‘ਚ ਰਾਤ ਕਰੀਬ 8.30 ਵਜੇ ਅੱਗ ਲੱਗ ਗਈ।
ਅਧਿਕਾਰੀ ਅਨੁਸਾਰ ਪੁਲਿਸ, ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗੰਭੀਰ ਰੂਪ ਨਾਲ ਝੁਲਸੇ ਦੋ ਲੋਕਾਂ ਨੂੰ ਸ਼ਤਾਬਦੀ ਹਸਪਤਾਲ ਲਿਜਾਇਆ ਗਿਆ। ਜਿਨ੍ਹਾਂ ਵਿਚੋਂ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ।