ਮੁਖੌਟੇ ਹਟੇ, ਪੰਜਾਬ ਲਈ ਨਹੀਂ ਸਿਰਫ ਕੁਰਸੀ ਲਈ ਲੜਦੇ ਹਨ ਕਾਂਗਰਸੀ – ਰਾਘਵ ਚੱਢਾ

0
49

ਨਵਜੋਤ ਸਿੱਧੂ ਨੂੰ ਸ਼ੁੱਭਕਾਮਨਾਵਾਂ, ਦੇਖਦੇ ਹਾਂ ਮਾਫ਼ੀਆ ਨਾਲ ਕਿੰਝ ਨਿਪਟਦੇ ਹਨ ਨਵੇਂ ਕਾਂਗਰਸ ਪ੍ਰਧਾਨ? – ‘ਆਪ’

ਹਰਪਾਲ ਸਿੰਘ ਚੀਮਾ ਦੇ ਨਿਸ਼ਾਨੇ ‘ਤੇ ਰਹੇ ਬਾਦਲ ਅਤੇ ਕਾਂਗਰਸੀ ਆਗੂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਯੁੱਧ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸੱਤਾਧਾਰੀ ਕਾਂਗਰਸ ਨੂੰ ਪੰਜਾਬ ਅਤੇ ਲੋਕ ਮੁੱਦਿਆਂ ਦੀ ਨਹੀਂ, ਸਿਰਫ ਆਪਣੀ ਕੁਰਸੀ (ਸੱਤਾ-ਸ਼ਕਤੀ) ਦੀ ਫ਼ਿਕਰ ਹੈ। ਸੱਤਾ ‘ਚ ਹੋਣ ਦੇ ਬਾਵਜੂਦ ਇਹ ਕਾਂਗਰਸੀ ਸਾਢੇ 4 ਸਾਲ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਲਈ ਨਹੀਂ ਲੜੇ, ਕੇਵਲ ਕੁਰਸੀ ਖੋਹਣ ਜਾਂ ਬਚਾਉਣ ਲਈ ਆਪਸੀ ਯੁੱਧ ਲੜੇ ਹਨ। ਜਿਸ ਤਰ੍ਹਾਂ ਦੇ ਲਾਲਚੀ ਹਾਲਾਤ ਬਣੇ ਹੋਏ ਹਨ, ਲੱਗ ਨਹੀਂ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸੀ ਕਾਟੋ-ਕਲੇਸ਼ ਸ਼ਾਂਤ ਹੋ ਜਾਵੇਗਾ।

ਰਾਘਵ ਚੱਢਾ ਸੋਮਵਾਰ ਇੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਭੁਲੱਥ ਹਲਕੇ ਤੋਂ ਕਾਂਗਰਸੀ ਉਮੀਦਵਾਰ (2017) ਰਹੇ ਰਣਜੀਤ ਸਿੰਘ ਰਾਣਾ ਅਤੇ ਕਪੂਰਥਲਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਪਾਰਟੀ ‘ਚ ਸ਼ਾਮਲ ਕਰਨ ਉਪਰੰਤ ਮੀਡੀਆ ਦੇ ਰੂਬਰੂ ਸਨ। ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦਿੰਦਿਆਂ ਰਾਘਵ ਚੱਢਾ ਨੇ ਕਿਹਾ, ”ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਪਰੰਤੂ ਸੱਤਾਧਾਰੀ ਧਿਰ ਹੋਣ ਦੇ ਕਾਰਨ ਕਾਂਗਰਸ ਦੀ ਖ਼ਾਨਾ-ਜੰਗੀ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਆਪਸੀ ਲੜਾਈ ਕਾਰਨ ਪੰਜਾਬ ਇਨ੍ਹਾਂ ਦੇ ਏਜੰਡੇ ‘ਤੇ ਹੀ ਨਹੀਂ ਰਿਹਾ। ਸਾਢੇ 4 ਸਾਲ ਦੀ ਬਰਬਾਦੀ ਉਪਰੰਤ ਹੁਣ ਉਮੀਦ ਕਰਦੇ ਹਾਂ ਕਿ ਸੱਤਾਧਾਰੀ ਕਾਂਗਰਸ ਬਾਕੀ ਬਚਦੇ ਚੰਦ ਮਹੀਨਿਆਂ ਦਾ ਲੋਕਾਂ ਅਤੇ ਸੂਬੇ ਦੀ ਭਲਾਈ ਹਿੱਤ ਸਦਉਪਯੋਗ ਕਰੇਗੀ।”

ਇੱਕ ਜਵਾਬ ‘ਚ ਰਾਘਵ ਚੱਢਾ ਨੇ ਕਿਹਾ, ” ਨਵਜੋਤ ਸਿੰਘ ਸਿੱਧੂ ਨੂੰ ਸਾਡੀਆਂ ਸ਼ੁੱਭਕਾਮਨਾਵਾਂ ਹਨ। ਦੇਖਦੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ ‘ਤੇ ਬੈਠ ਕੇ ਸਿੱਧੂ ਪੰਜਾਬ ਦੇ ਸਾਰੇ ਭਖਵੇਂ ਮੁੱਦਿਆਂ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਕਿੰਜ ਨਿਪਟਦੇ ਹਨ?” ਰਾਘਵ ਚੱਢਾ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਕੈਪਟਨ ਅਤੇ ਕਾਂਗਰਸੀ ਰੇਤ ਮਾਫ਼ੀਆ, ਲੈਂਡ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਬਿਜਲੀ ਮਾਫ਼ੀਆ, ਬੇਰੁਜ਼ਗਾਰੀ, ਨਸ਼ੇ, ਕਰਜ਼ੇ ਥੱਲੇ ਦੱਬੇ ਕਿਸਾਨ-ਮਜ਼ਦੂਰ, ਮਹਿਲਾਵਾਂ-ਬਜ਼ੁਰਗਾਂ, ਮੁਲਾਜ਼ਮਾਂ-ਪੈਨਸ਼ਨਰਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਲਈ ਨਹੀਂ ਲੜੇ, ਸਿਰਫ ਇੱਕ-ਦੂਜੇ ਕੁਰਸੀ ਬਚਾਉਣ ਜਾਂ ਖੋਹਣ ਲਈ ਹੀ ਆਪਸ ਵਿਚ ਲੜੇ ਹਨ। ਇਸ ਲਈ ਬਾਦਲਾਂ ਵਾਂਗ ਕਾਂਗਰਸ ਤੋਂ ਵੀ ਜਨਤਾ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ। ਇਸ ਲਈ ਲੋਕ ਵਿਕਾਸ ਦਾ ਪ੍ਰਤੀਕ ਬਣੇ ਅਰਵਿੰਦ ਕੇਜਰੀਵਾਲ ਦੀ ‘ਆਪ’ ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੱਤਾ ਦੇ ਨਸ਼ੇ ‘ਚ ਅੱਤ ਮਚਾਉਣ ਵਾਲੇ ਬਾਦਲਾਂ ਦਾ ਮਖੌਟਾ ਉੱਤਰਿਆ ਸੀ, ਉਸੇ ਤਰ੍ਹਾਂ ਕੁਰਸੀ ਲਈ ਲੜਦੇ ਕਾਂਗਰਸੀਆਂ ਦਾ ਮਖੌਟਾ ਉੱਤਰ ਚੁੱਕਾ ਹੈ ਕਿ ਕੁਰਸੀ ਦੀ ਲਲ੍ਹਕ ‘ਚ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ।

LEAVE A REPLY

Please enter your comment!
Please enter your name here