ਦੇਸ਼ ‘ਚ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 2.5 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 4.25 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਤੋਂ ਬਾਅਦ ਦਿੱਲੀ ‘ਚ CNG ਦੀ ਕੀਮਤ 71.61 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ, ਜਦਕਿ PNG ਦੀ ਨਵੀਂ ਕੀਮਤ 45.86 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਮਹੀਨੇ ਸੀਐਨਜੀ ਦੀਆਂ ਕੀਮਤਾਂ ਵਿੱਚ ਇਹ ਚੌਥਾ ਵਾਧਾ ਹੈ। ਚਾਰ ਕਿਸ਼ਤਾਂ ਵਿੱਚ ਇਸਦੀ ਕੀਮਤ ਵਿੱਚ 10.80 ਰੁਪਏ ਦਾ ਵਾਧਾ ਹੋਇਆ ਹੈ।
ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ ਇਸ ਮਹੀਨੇ ਤੀਜੀ ਵਾਰ CNG ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਅਤੇ 7 ਅਪ੍ਰੈਲ ਨੂੰ ਸੀਐਨਜੀ ਦੀ ਕੀਮਤ ਵਧਾਈ ਗਈ ਸੀ। ਇਸ ਵਾਧੇ ਤੋਂ ਬਾਅਦ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਕੀਮਤ 74.17 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ ਜਦੋਂਕਿ ਗੁਰੂਗ੍ਰਾਮ ਦੇ ਲੋਕਾਂ ਨੂੰ ਇੱਕ ਕਿਲੋ ਸੀਐਨਜੀ ਲਈ 79.94 ਰੁਪਏ ਦੇਣੇ ਪੈਣਗੇ।
PNG ਦਾ ਪੂਰਾ ਨਾਮ ‘ਪਾਈਪਡ ਨੈਚੁਰਲ ਗੈਸ’ ਹੈ। ਇਹ ਇਕ ਕਿਸਮ ਦੀ ਕੁਦਰਤੀ ਗੈਸ ਹੈ, ਜਿਸ ਦੀ ਵਰਤੋਂ ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਕਰਦੇ ਹਨ। ਇਹ ਗੈਸ ਪਾਈਪਾਂ ਰਾਹੀਂ ਘਰਾਂ ਅਤੇ ਫੈਕਟਰੀਆਂ ਤੱਕ ਪਹੁੰਚਾਈ ਜਾਂਦੀ ਹੈ। ਦਿੱਲੀ ਵਿੱਚ ਕੰਮ ਕਰਨ ਵਾਲੀਆਂ ਜ਼ਿਆਦਾਤਰ ਫੈਕਟਰੀਆਂ ਪੀਐਨਜੀ ਉੱਤੇ ਚੱਲ ਰਹੀਆਂ ਹਨ। ਇਸ ਨਾਲ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।