ਮਸ਼ਹੂਰ ਗਾਇਕ ਤਰਸੇਮ ਸਿੰਘ ਸੈਣੀ ਉਰਫ ਤਾਜ ਦਾ ਦਿਹਾਂਤ ਹੋ ਗਿਆ ਹੈ। ਤਾਜ ਦੇ ਦਿਹਾਂਤ ਦੀ ਖ਼ਬਰ ਗਾਇਕ ਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੇ ਟਵਿਟਰ ’ਤੇ ਸਾਂਝੀ ਕੀਤੀ ਹੈ।
ਆਪਣੇ ਟਵੀਟ ’ਚ ਸੁਖਸ਼ਿੰਦਰ ਸ਼ਿੰਦਾ ਲਿਖਦੇ ਹਨ, ‘ਇਹ ਜਾਣ ਕੇ ਬੇਹੱਦ ਦੁਖੀ ਹਾਂ ਕਿ ਮੇਰੇ ਭਰਾ ਤੇ ਪੌਪ ਗਾਇਕ ਤਾਜ ਸਟੀਰੀਓ ਨੇਸ਼ਨ ਉਰਫ ਜੌਨੀ ਜ਼ੀ ਦਾ ਅੱਜ ਦਿਹਾਂਤ ਹੋ ਗਿਆ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਬਲ ਬਖਸ਼ੇ।’
ਦੱਸ ਦੇਈਏ ਕਿ ਤਾਜ ਨੇ 90 ਦੇ ਦਹਾਕੇ ’ਚ ਸੁਪਰਹਿੱਟ ਗੀਤ ਦਿੱਤੇ ਸਨ। ‘ਨੱਚਾਂਗੇ ਸਾਰੀ ਰਾਤ’, ‘ਥੋੜ੍ਹਾ ਦਾਰੂ ਵਿਚ ਪਿਆਰ ਮਿਲਾ ਦੇ’ ਤੇ ‘ਗੱਲਾਂ ਗੋਰੀਆਂ’ ਉਨ੍ਹਾਂ ਦੇ ਮਸ਼ਹੂਰ ਗੀਤ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਤਿਕ ਰੌਸ਼ਨ ਦੀ ਫ਼ਿਲਮ ‘ਕੋਲੀ ਮਿਲ ਗਿਆ’ ਦੇ ਗੀਤ ‘ਇਟਸ ਮੈਜਿਕ’ ਨੂੰ ਵੀ ਗਾਇਆ।
ਤਾਜ ਦੇ ਦਿਹਾਂਤ ’ਤੇ ਸਚਿਨ ਆਹੂਜਾ, ਹਨੀ ਸਿੰਘ, ਰੋਚ ਕਿਲਾ, ਜੱਸੀ ਸਿੱਧੂ, ਬੈਲੀ ਸਾਗੂ, ਅਦਨਾਨ ਸਾਮੀ ਤੇ ਅਮਾਲ ਮਲਿਕ ਸਮੇਤ ਕਈ ਗਾਇਕਾਂ ਨੇ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਤਰਸੇਮ ਸਿੰਘ ਸੈਣੀ ਉਰਫ ਤਾਜ ਸਟੀਰੀਓ ਨੇਸ਼ਨ ਨੂੰ ਪਹਿਲਾਂ ਜੌਨੀ ਜ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।