ਖੇਤੀ ਦੇ ਕਾਲੇ ਕਾਨੂੰਨਾਂ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ ਦੀਆਂ ਹੱਦਾਂ ’ਤੇ ਧਰਨਾਕਾਰੀ ਕਿਸਾਨਾਂ ਦਾ ਸਰਕਾਰ ਦੇ ਨਾਲ –ਨਾਲ ਮੌਸਮ ਵੀ ਲਗਾਤਾਰ ਇਮਤਿਹਾਨ ਲੈ ਰਿਹਾ ਹੈ। ਬਾਰਡਰਾਂ ’ਤੇ ਬਣਾਏ ਕੱਚੇ ਆਸ਼ਿਆਨੇ ਤੇਜ਼ ਮੀਂਹ ਸਹਿਣ ਨਹੀਂ ਕਰ ਰਹੇ। ਸ਼ਨੀਵਾਰ ਨੂੰ ਸਵੇਰ ਤੋਂ ਹੀ ਪਏ ਤੇਜ਼ ਮੀਂਹ ਦੀ ਵਜ੍ਹਾ ਨਾਲ ਸਿੰਘੂ ਬਾਰਡਰ ਤੋਂ ਇਲਾਵਾ ਗਾਜ਼ੀਪੁਰ ਬਾਰਡਰ ਅਤੇ ਟਿਕਰੀ ਬਾਰਡਰ ’ਤੇ ਕਿਸਾਨਾਂ ਦੇ ਪੰਡਾਲ ਅਤੇ ਝੌਂਪੜੀਆਂ ’ਚ ਮੀਂਹ ਦਾ ਪਾਣੀ ਭਰ ਗਿਆ। ਇਹੀ ਨਹੀਂ, ਆਸ਼ਿਆਨਿਆਂ ਅਤੇ ਟਰਾਲੀਆਂ ’ਚ ਰੱਖਿਆ ਰਾਸ਼ਨ ਵੀ ਭਿੱਜ ਗਿਆ।
ਇਸ ਦੌਰਾਨ ਗਾਜ਼ੀਪੁਰ ਬਾਰਡਰ ’ਤੇ ਮੁੱਖ ਨਾਲਾ ਨਾ ਖੋਲ੍ਹਣ ਕਾਰਨ ਧਰਨੇ ਵਾਲੀ ਥਾਂ ’ਤੇ ਮੀਂਹ ਦਾ ਪਾਣੀ ਭਰ ਗਿਆ, ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਸਮੱਸਿਆ ਹੋਈ। ਇਸ ਦਰਮਿਆਨ ਧਰਨੇ ’ਤੇ ਪੁੱਜੇ ਰਾਕੇਸ਼ ਟਿਕੈਤ ਨੇ ਨਾਲਾ ਨਾ ਖੋਲ੍ਹਣ ’ਤੇ ਪ੍ਰਸ਼ਾਸਨ ਦੇ ਵਿਰੋਧ ’ਚ ਮੀਂਹ ਦੇ ਭਰੇ ਹੋਏ ਪਾਣੀ ’ਚ ਬੈਠ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਜਿੰਨੇ ਚਾਹੇ ਜ਼ੁਲਮ ਕਿਸਾਨਾਂ ’ਤੇ ਕਰ ਲਵੇ ਪਰ ਕਿਸਾਨ ਟਸ ਤੋਂ ਮਸ ਨਹੀਂ ਹੋਣਗੇ। ਅਜਿਹੀ ਸਥਿਤੀ ‘ਚ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਹ ਲਗਾਤਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਹਨ।