ਆਸਾਮ ‘ਚ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਆਸਾਮ ‘ਚ ਤੂਫ਼ਾਨ ਕਾਰਨ 6 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਆਸਾਮ ‘ਚ ਤੂਫ਼ਾਨ ਤੇ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਬਿਜਲੀ ਡਿੱਗਣ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਂਵਾਂ ‘ਤੇ ਦਰੱਖਤ ਉਖੜ ਗਏ ਹਨ ਅਤੇ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਹਨ।
ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐੱਸ.ਡੀ.ਐੱਮ.ਏ.) ਵਲੋਂ ਸ਼ਨੀਵਾਰ ਦੇਰ ਰਾਤ ਜਾਰੀ ਬੁਲੇਟਿਨ ‘ਚ ਕਿਹਾ ਗਿਆ ਕਿ ਤੂਫ਼ਾਨ ਕਾਰਨ 8 ਹੋਰ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚ 2 ਨਾਬਾਲਗ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਤਿਨਸੁਕੀਆ ਜ਼ਿਲ੍ਹੇ ‘ਚ ਤਿੰਨ, ਬਕਸਾ ‘ਚ 2 ਅਤੇ ਡਿਬਰੂਗੜ੍ਹ ‘ਚ ਇਕ ਵਿਅਕਤੀ ਦੀ ਮੌਤ ਹੋਈ ਸੀ। ਬੁਲੇਟਿਨ ਅਨੁਸਾਰ ਵੀਰਵਾਰ ਤੋਂ ਜਾਰੀ ਤੂਫ਼ਾਨ ਕਾਰਨ 12 ਹਜ਼ਾਰ ਤੋਂ ਵਧ ਮਕਾਨਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।