ਨਵੀਂ ਦਿੱਲੀ : ਵੈਕਸੀਨੇਸ਼ਨ ਦੇ ਮਾਮਲੇ ‘ਚ ਭਾਰਤ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਭਾਰਤ ‘ਚ ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਦੇ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇੱਕ ਟਵੀਟ ਕਰ ਦੇਸ਼ ਨੂੰ ਇਹ ਉਪਲਬਧੀ ਹਾਸਲ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, ‘‘ਵਧਾਈ ਹੋਵੇ ਭਾਰਤ ! ਇਹ ਦੂਰਦਰਸ਼ੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸਮਰੱਥ ਅਗਵਾਈ ਦਾ ਪ੍ਰਤੀਫਲ ਹੈ। ’’
ਆਧਿਕਾਰਿਕ ਸੂਤਰਾਂ ਅਨੁਸਾਰ ਦੇਸ਼ ‘ਚ ਟੀਕਾਕਰਣ ਦੇ ਯੋਗ ਵਿੱਚੋਂ ਕਰੀਬ 75 ਫ਼ੀਸਦੀ ਲੋਕਾਂ ਨੂੰ ਘੱਟ ਤੋਂ ਘੱਟ ਇੱਕ ਖੁਰਾਕ ਲੱਗ ਚੁੱਕੀ ਹੈ, ਜਦੋਂ ਕਿ ਕਰੀਬ 31 ਫ਼ੀਸਦੀ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਟੀਕਾਕਰਣ ਮੁਹਿੰਮ ਸ਼ੁਰੂ ਹੋਣ ਦੇ 85 ਦਿਨ ਬਾਅਦ ਤੱਕ 10 ਕਰੋੜ ਖੁਰਾਕ ਲਗਾਈ ਜਾ ਚੁੱਕੀ ਸੀ, ਇਸਤੋਂ 45 ਹੋਰ ਦਿਨ ਬਾਅਦ ਭਾਰਤ ਨੇ 20 ਕਰੋੜ ਦੀ ਸੰਖਿਆ ਛੂਹੀ ਅਤੇ ਉਸਤੋਂ 29 ਦਿਨ ਬਾਅਦ ਇਹ ਗਿਣਤੀ 30 ਕਰੋੜ ਪਹੁੰਚ ਗਈ।
ਦੇਸ਼ ਨੂੰ 30 ਕਰੋੜ ਤੋਂ 40 ਕਰੋੜ ਤੱਕ ਪੁੱਜਣ ‘ਚ 24 ਦਿਨ ਲੱਗੇ ਅਤੇ ਇਸਤੋਂ 20 ਹੋਰ ਦਿਨ ਬਾਅਦ ਛੇ ਅਗਸਤ ਨੂੰ ਦੇਸ਼ ‘ਚ ਟੀਕਿਆਂ ਦੀਆਂ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਵੱਧਕੇ 50 ਕਰੋੜ ਪਹੁੰਚ ਗਈ। ਇਸ ਤੋਂ ਬਾਅਦ ਉਸਨੂੰ 100 ਕਰੋੜ ਦੇ ਅੰਕੜੇ ਤੱਕ ਪਹੁੰਚਣ ‘ਚ 76 ਦਿਨ ਲੱਗੇ।