ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਰੋਜ਼ਾਨਾ ਕੋਰੋਨਾ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦੇ ਨਤੀਜੇ ਪਹਿਲਾਂ ਨਾਲੋਂ ਵੀ ਵੱਧ ਭਿਆਨਕ ਹਨ।ਅਨੇਕਾਂ ਹੀ ਲੋਕਾਂ ਦੀ ਇਸ ਮਹਾਂਮਾਰੀ ਨਾਲ ਜਾਨ ਚਲੀ ਗਈ ਹੈ। ਇਸੇ ਵਿਚਾਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ । ਇਨ੍ਹਾਂ ਦੇਸ਼ਾਂ ਵਿੱਚ ਹੁਣ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ। ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਵਿੱਚ ਸੈਂਕੜੇ ਜਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭੇਜੇ ਗਏ ਹਨ । ਜਿਸ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਹਨ ।
ਸਕਾਟਲੈਂਡ ਤੇ ਵੇਲਜ਼ ਵੱਲੋਂ ਭੇਜੇ ਗਏ ਇਹ ਉਪਕਰਨ ਸ਼ੁੱਕਰਵਾਰ ਰਾਤ ਨੂੰ ਭਾਰਤ ਪਹੁੰਚੇ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਵੱਲੋਂ ਵੰਡੇ ਜਾਣਗੇ । ਉੱਥੇ ਹੀ ਵੇਲਜ਼ ਸਰਕਾਰ ਵੱਲੋਂ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਭਾਰਤ ਭੇਜੇ ਗਏ ਹਨ। ਇਸ ਸਬੰਧੀ ਸਕਾਟਲੈਂਡ ਸਰਕਾਰ ਦਾ ਕਹਿਣਾ ਹੈ ਕਿ ਯੂਕੇ ਤੋਂ ਭੇਜੀ ਗਈ ਮਦਦ ਚਾਰ ਦੇਸ਼ਾਂ ਦੇ ਵਾਧੂ ਸਟਾਕ, ਵਿਦੇਸ਼ੀ ਅਤੇ ਵਿਕਾਸ ਦਫਤਰ ਵੱਲੋਂ ਫੰਡ ਕੀਤੀ ਗਈ ਹੈ।