ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਭਾਰਤੀ ਜੈਵਲਿਨ ਥ੍ਰੋਅਰ ਖਿਡਾਰੀ ਨੀਰਜ ਚੋਪੜਾ 80.96 ਮੀਟਰ ਦੇ ਔਸਤ ਪ੍ਰਦਰਸ਼ਨ ਦੇ ਨਾਲ ਮੰਗਲਵਾਰ ਨੂੰ ਸਵੀਡਨ ’ਚ ਕਾਰਲਸਟੇਡ ਗ੍ਰਾਂ ਪ੍ਰੀ. ’ਚ ਚੋਟੀ ਦੀ ਪਾਇਦਾਨ ’ਤੇ ਰਹੇ। ਚੋਪੜਾ ਨੇ ਪਹਿਲੀ ਵਾਰ ’ਚ 79.07 ਮੀਟਰ ਦੂਰ ਜੈਵਲਿਨ ਸੁੱਟਿਆ। ਇਸ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਨ੍ਹਾਂ 80.96 ਮੀਟਰ ਦੀ ਦੂਰੀ ਤੈਅ ਕੀਤੀ। ਉਨ੍ਹਾਂ ਨੇ ਬਾਕੀ ਕੋਸ਼ਿਸ਼ ’ਚ ਫ਼ਾਊਲ ਕੀਤਾ।
ਉਨ੍ਹਾਂ ਇਸ ਤੋਂ ਪਹਿਲਾਂ 10 ਜੂਨ ਨੂੰ ਲਗਭਗ ਇਕ ਸਾਲ ਬਾਅਦ ਕੌਮਾਂਤਰੀ ਪ੍ਰਤੀਯੋਗਿਤਾ ’ਚ ਵਾਪਸੀ ਕਰਦੇ ਹੋਏ ਪੁਰਤਗਾਲ ਦੇ ਲਿਸਬਨ ’ਚ 83.18 ਮੀਟਰ ਦੀ ਦੂਰੀ ਦੇ ਨਾਲ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਦਾ ਰਾਸ਼ਟਰੀ ਰਿਕਾਰਡ 88.07 ਮੀਟਰ ਦਾ ਹੈ।