ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋ ਭਗਵੰਤ ਮਾਨ ਨੇ ਸਹੁੰ ਚੁੱਕ ਲਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਨੇ ਉਨ੍ਹਾਂ ਨੂੰ ਸਹੁੰ ਚੁਕਾਈ ਹੈ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਤੇ ਪੰਜਾਬੀਆਂ ਦਾ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਨੇ ਅਜ਼ਾਦੀ ਦਾ ਸਪਨਾ ਲਿਆ ਸੀ ਤੇ ਆਮ ਆਦਮੀ ਪਾਰਟੀ ਉਸ ਅਜ਼ਾਦੀ ਨੂੰ ਹਰ ਘਰ ‘ਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਜਿੱਤ ਦਾ ਹੰਕਾਰ ਨਹੀਂ ਕਰਨਾ। ਇਸ ਦੇ ਨਾਲ ਹੀ ਕਿਹਾ ਕਿ ਜਨਤਾ ਵਰਗੇ ਹਾਂ ਤੇ ਜਨਤਾ ਵਰਗੇ ਹੀ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਜਿਵੇਂ ਲੋਕ ਦਿੱਲੀ ‘ਚ ਸਾਫ ਸਕੂਲ ਤੇ ਸਾਫ ਮੁਹੱਲਾ ਦੇਖਣ ਆਉਂਦੇ ਹਨ, ਅਸੀਂ ਪੰਜਾਬ ‘ਚ ਅਜਿਹੇ ਹਸਪਤਾਲ ਤੇ ਸਕੂਲ ਬਣਾਵਾਂਗੇ ਕਿ ਬਾਹਰੋਂ ਆਏ ਲੋਕ ਇਨ੍ਹਾਂ ਅੱਗੇ ਫੋਟੋ ਖਿੱਚਵਾਇਆ ਕਰਨਗੇ।