ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਅੱਜ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ’ਚ ਪਹੁੰਚੇ। ਇਸ ਮੌਕੇ ਡਾ. ਬੀ. ਆਰ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਆਪਣੇ ਸੰਬੋਧਨ ’ਚ ਭਗਵੰਤ ਮਾਨ ਨੇ ਜਨਤਾ ਨੂੰ ਬਾਬਾ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਕਿਹਾ। ਇਥੇ ਉਨ੍ਹਾਂ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ‘ਚ ਬਹੁਤ ਵੱਡੀ ਸਪੋਰਟਸ ਇੰਡਸਟਰੀ ਨੂੰ ਬਣਾਇਆ ਜਾਵੇਗਾ। ਡਾ. ਭੀਮ. ਰਾਓ ਅੰਬੇਡਕਰ ਜੀ ਦੇ ਨਾਂ ’ਤੇ ਜਲੰਧਰ ’ਚ ਇਕ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਨੂੰ ਸਪੋਰਟਸ ਹੱਬ ਬਣਾਉਣ ਦਾ ਵੀ ਐਲਾਨ ਕੀਤਾ।
ਬਾਬਾ ਸਾਹਿਬ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੋਲ ਪੈਸੇ ਖ਼ਤਮ ਹੋ ਗਏ ਸਨ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਦੇਸ਼ ’ਚ ਛੱਡਣੀ ਪਈ ਸੀ। ਫਿਰ ਬਾਅਦ ’ਚ ਵਾਪਸ ਆ ਕੇ ਉਨ੍ਹਾਂ ਨੇ ਪੈਸੇ ਕਮਾਉਣ ਉਪਰੰਤ ਫਿਰ ਵਿਦੇਸ਼ ਜਾ ਕੇ ਪੜ੍ਹਾਈ ਕੀਤੀ। ਬਾਬਾ ਸਾਹਿਬ ਕੋਲ 6 ਡਾਕਟਰ ਦੀਆਂ ਡਿਗਰੀਆਂ ਸਨ। ਬਾਬਾ ਸਾਹਿਬ ਪਿਛੜੇ ਹੋਏ ਲੋਕਾਂ ਅਤੇ ਗਰੀਬਾਂ ਦੇ ਮਸੀਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਸ਼ਹੂਰ ਹੋ ਜਾਂਦੇ ਹਨ, ਤਾਂ ਕਈ ਮਾਪੇ ਆਪਣੇ ਬੱਚਿਆਂ ਦੇ ਨਾਂ ਉਨ੍ਹਾਂ ਦੇ ਨਾਵਾਂ ’ਤੇ ਰੱਖਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਮੇਰੇ ਪਿੰਡ ’ਚ ਵੀ 4-5 ਬੱਚਿਆਂ ਦੇ ਨਾਂ ਭੀਮ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੰਵਿਧਾਨ ਨਾਲ ਛੇੜਛਾੜ ਹੋ ਰਹੀ ਹੈ, ਜਿਸ ਨੂੰ ਬਚਾਉਣ ਦੀ ਲੋੜ ਹੈ। ਸਾਡੇ ਸੰਵਿਧਾਨ ਨੂੰ ਸਾਡਿਆਂ ਤੋਂ ਹੀ ਖ਼ਤਰਾ ਹੈ, ਜਿਸ ਨੂੰ ਬਚਾਉਣਾ ਹੈ। ਸੰਵਿਧਾਨ ਬਚੇਗਾ ਤਾਂ ਦੇਸ਼ ਬਚੇਗਾ।