ਕੁੱਝ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਕੇ ਦੇ ਬੱਸ ਅੱਡੇ ‘ਚ ਰਾਤ ਨੂੰ ਖੜੀਆਂ ਪ੍ਰਾਈਵੇਟ ਬੱਸਾਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਸੀ। ਹੁਣ ਉਸ ਘਟਨਾ ‘ਚ ਨਵੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਗ ਲਗਾਉਣ ਵਾਲਾ ਕੋਈ ਹੋਰ ਨਹੀਂ, ਬਲਕਿ ਬੱਸ ਦਾ ਡਰਾਈਵਰ ਹੀ ਸੀ, ਜਿਸਨੇ 1300 ਰੁਪਏ ਦੀ ਚੋਰੀ ਛਿਪਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਅੱਗ ਕਾਂਡ ਦਾ ਦੁਖਦਾਈ ਪਹਿਲੂ ਇਹ ਵੀ ਸੀ ਕਿ ਇਸ ਦੌਰਾਨ ਬੱਸ ‘ਚ ਸੁੱਤਾ ਪਿਆ ਕੰਢਕਟਰ ਸੁਖਵਿੰਦਰ ਸ਼ਰਮਾ ਦੀ ਅੱਗ ਦੀ ਲਪੇਟ ‘ਚ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂਕਿ ਇਸ ਘਟਨਾ ਦਾ ਚਸਮਦੀਦ ਗਵਾਹ ਕਥਿਤ ਦੋਸ਼ੀ ਡਰਾਈਵਰ ਅਵਤਾਰ ਸਿੰਘ ਤਾਰੀ ਨੇ ਦਾਅਵਾ ਕੀਤਾ ਸੀ ਕਿ ਉਹ ਵੀ ਦੂਜੀ ਬੱਸ ਵਿਚੋਂ ਸੀਸਾ ਭੰਨ ਕੇ ਮਸਾਂ ਹੀ ਜਾਨ ਬਚਾ ਕੇ ਨਿਕਲਿਆ ਸੀ।
ਇਸ ਘਟਨਾ ‘ਚ ਮਾਲਵਾ ਬੱਸ ਕੰਪਨੀਆਂ ਦੀ ਦੋ ਨਵੀਆਂ ਨਕੋਰ ਬੱਸਾਂ ਅਤੇ ਮਿੰਨੀ ਬੱਸ ਪੂਰੀ ਤਰ੍ਹਾਂ ਬੱਸ ਸੜ ਕੇ ਸਵਾਹ ਹੋ ਗਈ ਸੀ। ਜਦੋਂਕਿ ਜਲਾਲ ਬੱਸ ਕੰਪਨੀ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਕੁੱਝ ਦਿਨ ਤੱਕ ਬੱਸ ਮਾਲਕ ਇਸ ਘਟਨਾ ਨੂੰ ਹਾਦਸਾ ਮੰਨ ਕੇ ਚੱਲ ਰਹੇ ਸਨ ਪ੍ਰੰਤੂ ਮੌਕੇ ‘ਤੇ ਮੌਜੂਦ ਡਰਾਈਵਰ ਅਵਤਾਰ ਸਿੰਘ ਤਾਰੀ ਵਾਸੀ ਮਾਨਸਾ ਵਲੋਂ ਬੱਸ ਮਾਲਕਾਂ ਤੇ ਪੁਲਿਸ ਨੂੰ ਦਿੱਤੇ ਅਲੱਗ ਅਲੱਗ ਬਿਆਨਾਂ ਕਾਰਨ ਸ਼ੱਕ ਦੇ ਦਾਇਰੇ ਵਿਚ ਆ ਗਿਆ ਸੀ।
ਜਿਸਤੋਂ ਬਾਅਦ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਇਸ ਮਾਮਲੇ ਵਿਚ 29 ਅਪ੍ਰੈਲ ਨੂੰ ਮ੍ਰਿਤਕ ਕੰਢਕਟਰ ਸੁਖਵਿੰਦਰ ਸ਼ਰਮਾ ਦੀ ਮਾਤਾ ਬਿਮਲਾ ਦੇਵੀ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਧਾਰਾ 304, 436 ਤੇ427 ਆਈ.ਪੀ.ਸੀ ਆਦਿ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਸੀ।
ਥਾਣਾ ਦਿਆਲਪੁਰਾ ਦੇ ਵਧੀਕ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਇਸ ਕੇਸ ਨੂੰ ਹੱਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਡਰਾਈਵਰ ਤਾਰੀ ਨੇ ਬੱਸ ਦੀ ਤੇਲ ਟੈਂਕੀ ਵਿਚੋਂ ਪਹਿਲਾਂ ਤੇਲ ਕੱਢਿਆ ਤੇ ਬਾਅਦ ਵਿਚ ਕੰਢਕਟਰ ਦੇ ਥੈਲੇ ਵਿਚੋਂ 1300 ਰੁਪਏ ਚੋਰੀ ਕਰ ਲਏ ਸਨ। ਇਸ ਚੋਰੀ ਨੂੰ ਛਿਪਾਉਣ ਲਈ ਉਸਨੇ ਥੈਲੇ ਨੂੰ ਅੱਗ ਲਗਾ ਕੇ ਬੱਸ ਵਿਚ ਸੁੱਟ ਦਿੱਤਾ ਤਾਂ ਕਿ ਲੱਗੇ ਕਿ ਅੱਗ ਲੱਗਣ ਕਾਰਨ ਪੈਸੇ ਮੱਚ ਗਏ ਹਨ ਪ੍ਰੰਤੂ ਥੈਲੇ ਦੀ ਅੱਗ ਬੱਸ ਦੇ ਫ਼ਰਸ ਨੂੰ ਪੈ ਗਈ ਤੇ ਬਾਅਦ ਵਿਚ ਦੂਜੀਆਂ ਬੱਸਾਂ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ।
ਉਧਰ ਬੱਸ ਮਾਲਕ ਅਵਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਇਹ ਵੀ ਪਤਾ ਕੀਤਾ ਜਾਵੇ ਕਿ ਬੱਸ ਵਿਚੋਂ ਚੋਰੀ ਹੋਇਆ ਤੇਲ ਅੱਗੇ ਕਿਸਨੂੰ ਵੇਚਿਆ ਗਿਆ ਹੈ।